punjab politics: ਵਾਰਿਸ ਪੰਜਾਬ ਵੱਲੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣ ਦਾ ਐਲਾਨ
ਹਰਜਿੰਦਰ ਸਿੰਘ ਧਾਮੀ ਤੁਰੰਤ ਅਸਤੀਫ਼ਾ ਦੇਣਾ ਪਵੇਗਾ: ਇਆਲੀ
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਪਟਿਆਲਾ ਦਿਹਾਤੀ ਹਲਕੇ ਦੀ ‘ਪੰਥਕ ਇਕੱਤਰਤਾ’ ਕੀਤੀ ਗਈ। ਇਸ ਵਿਚ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣ ਦਾ ਐਲਾਨ ਕੀਤਾ ਗਿਆ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਬਹਿਰੀਨ ਵਾਲੀ ਬੀਬੀ ਮਾਮਲੇ ਵਿਚ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਅਸਤੀਫ਼ਾ ਦੇਣਾ ਪਵੇਗਾ।
ਐੱਮ ਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਝੂਠੇ ਮੁਕਾਬਲਿਆਂ, ਨਸ਼ਿਆਂ ਨਾਲ ਮਰਦੇ ਮਾਵਾਂ ਦੇ ਪੁੱਤ, ਗੈਂਗਸਟਰਾਂ ਵੱਲੋਂ ਮੰਗੀਆਂ ਜਾਂਦੀਆਂ ਫਿਰੌਤੀਆਂ ਨੂੰ ਪੰਜਾਬ ਦੀ ‘ਆਪ ਸਰਕਾਰ’ ਵੱਲੋਂ ਠੱਲ੍ਹ ਪਾਉਣ ਦੀ ਬਜਾਇ ਲਗਾਤਾਰ ਪੰਜਾਬ ਨੂੰ ਲੁੱਟਣ ਲਈ ਕੰਮ ਕੀਤਾ ਜਾ ਰਿਹਾ ਹੈ। ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਬੈਠੇ ਬੇਦੋਸ਼ੇ ਸਿੱਖਾਂ ’ਤੇ ਪੰਥਕ ਕਹਾਉਂਦੀ ਸਰਕਾਰ ਦੀ ਪੁਲੀਸ ਨੇ ਗੋਲੀਆਂ ਚਲਾ ਕੇ ਦੋ ਸਿੰਘ ਸ਼ਹੀਦ ਕਰਵਾ ਦਿੱਤੇ, ਇਸ ਤੋਂ ਵੱਡੀ ਅਣਹੋਣੀ ਪੰਥ ਲਈ ਹੋਰ ਕੀ ਹੋ ਸਕਦੀ ਹੈ? ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਨੂੰ ਸਤਵਿੰਦਰ ਸਿੰਘ ਟੌਹੜਾ ਨੇ ਅੱਗੇ ਤੋਰਿਆ। ਰੈਲੀ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਡਰੌਲੀ ਨੇ ਕੀਤੀ। ਸਟੇਜ ਸੰਚਾਲਨ ਅਮਰਜੀਤ ਸਿੰਘ ਨੇ ਕੀਤਾ। ਇਸ ਮੌਕੇ ਸਤਨਾਮ ਕੌਰ ਮੁੱਖ ਬੁਲਾਰਾ, ਭੁਪਿੰਦਰ ਸਿੰਘ ਗੁਰੂ ਕਾਸ਼ੀ, ਅਮਰਿੰਦਰ ਸਿੰਘ ਲਿਬੜਾ, ਜ਼ਿਲ੍ਹਾ ਯੂਥ ਪ੍ਰਧਾਨ ਨਰਿੰਦਰ ਸਿੰਘ ਭਿੰਡਰ, ਜਗਤਾਰ ਸਿੰਘ ਮਾਜਰੀ ਆਦਿ ਨੇ ਸੰਬੋਧਨ ਕੀਤਾ।

