Punjab News: ਕਿਸਾਨ ਦੀ ਲਿਮਟ ਦੇ ਖਾਤੇ ’ਚੋਂ 26 ਲੱਖ ਗਾਇਬ
Punjab News: ਗੁੱਸੇ ਵਿਚ ਆਏ ਕਿਸਾਨਾਂ ਨੇ ਐੱਚ ਡੀ ਐੱਫਸੀ ਬੈਂਕ ਦੀ ਬਰਾਚ ਨੂੰ ਬਾਹਰੋ ਬੰਦ ਕਰਕੇ ਲਗਾਇਆ ਧਰਨਾ
Advertisement
Punjab News: ਐੱਚਡੀਐੱਫਸੀ ਦੀ ਅਮਲੋਹ ਬਰਾਂਚ ਵਿੱਚੋ ਇਕ ਕਿਸਾਨ ਦੀ ਬੈਂਕ ਲਿਮਟ ਦੇ 26 ਲੱਖ ਰੁਪਏ ਭੇਤਭਰੀ ਹਾਲਤ ਵਿੱਚ ਗਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੀ ਅਗਵਾਈ ਵਿਚ ਕਿਸਾਨਾਂ ਨੇ ਬਰਾਚ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਆਪਣਾ ਧਰਨਾ ਲਗਾ ਦਿੱਤਾ ਅਤੇ ਬੈਂਕ ਨੂੰ ਬਾਹਰੋ ਬੰਦ ਕਰਕੇ ਸਾਰਾ ਕਾਰਜ ਠੱਪ ਕਰ ਦਿਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ, ਜਨਰਲ ਸਕੱਤਰ ਜਗਮੇਲ ਸਿੰਘ ਸੁਧੇਵਾਲ, ਸੂਬਾਈ ਆਗੂ ਦਲਜਿੰਦਰ ਸਿੰਘ ਆਲੋਵਾਲ, ਬਲਾਕ ਭਾਦਸੋ ਦੇ ਪ੍ਰਧਾਨ ਸਰਬਜੀਤ ਸਿੰਘ ਭੜ੍ਹੀ, ਜਨਰਲ ਸਕੱਤਰ ਪ੍ਰਗਟ ਸਿੰਘ ਦੰਦਰਾਲਾ ਅਤੇ ਗੁਰਜੀਤ ਸਿੰਘ ਦਰਗਾਪੁਰ ਅਤੇ ਪਰਵਿੰਦਰ ਸਿੰਘ ਆਲੋਵਾਲ ਨੇ ਦੱਸਿਆ ਕਿ ਬੈਂਕ ’ਚੋ ਰਾਮ ਸਿੰਘ ਵਾਸੀ ਆਲੋਵਾਲ ਅਤੇ ਉਸ ਦੇ ਭਰਾ ਹਰਮੇਲ ਸਿੰਘ ਦੇ ਸਾਂਝੇ ਲਿਮਟ ਖਾਤੇ ਵਿਚੋ ਭੇਤਭਰੇ ਹਾਲਤਾਂ ਵਿਚ 26 ਲੱਖ ਰੁਪਏ ਦੀ ਰਾਸ਼ੀ ਗਾਇਬ ਹੋ ਗਈ। ਇਸ ਸਬੰਧੀ ਉੱਚ ਅਧਿਕਾਰੀਆਂ ਅਤੇ ਸਾਇਬਰ ਕਰਾਇਮ ਕੋਲ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੇ ਅੱਜ ਅਣਮਿੱਥੇ ਸਮੇਂ ਲਈ ਇਹ ਧਰਨਾ ਸ਼ੁਰੂ ਕੀਤਾ ਹੈ।
ਪੀੜਤ ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਉਸ ਦੀ ਅਤੇ ਉਸਦੇ ਭਰਾ ਦੀ ਪਟਿਆਲਾ ਬਰਾਂਚ ਵਿਚ 52 ਲੱਖ ਰੁਪਏ ਦੀ ਲਿਮਟ ਸੀ, ਜਿਸ ਵਿੱਚੋ ਉਨ੍ਹਾਂ 26 ਲੱਖ ਰੁਪਏ ਦੀ ਰਾਸ਼ੀ ਕਢਵਾਈ ਹੋਈ ਸੀ। ਉਸ ਨੇ ਦੱਸਿਆ ਕਿ 18 ਅਗਸਤ 2025 ਨੂੰ ਉਸ ਦਾ ਵੱਟਸਅੱਪ ਹੈਕ ਹੋ ਗਿਆ ਤਾਂ ਉਸ ਨੇ ਤੁਰੰਤ ਬੈਂਕ ਦੇ ਇੰਦਰਦੀਪ ਸਿੰਘ ਨਾਲ ਸੰਪਰਕ ਕਰਕੇ ਲਿਖਤੀ ਸ਼ਿਕਾਇਤ ਦਿੱਤੀ ਅਤੇ ਉਨ੍ਹਾਂ ਭਰੋਸਾ ਦਿਤਾ ਕਿ ਬੈਕਾਂ ਵਿਚੋ ਇਸ ਤਰ੍ਹਾਂ ਪੈਸੇ ਨਹੀਂ ਨਿਕਲਦੇ।
ਪਰ ਜਦੋਂ 15.9.2025 ਨੂੰ ਉਨ੍ਹਾਂ 5 ਲੱਖ ਰੁਪਏ ਦਾ ਇੱਕ ਚੈੱਕ ਕਿਸੇ ਵਿਅਕਤੀ ਨੂੰ ਦਿੱਤਾ ਅਤੇ ਖਾਤੇ ਵਿਚ ਰਾਸ਼ੀ ਟਰਾਂਸਫਰ ਨਾ ਹੋਣ ਕਾਰਨ 16 ਸਤੰਬਰ ਨੂੰ ਪਟਿਆਲਾ ਸਥਿੱਤ ਬੈਂਕ ਵਿਚ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਖਾਤਾ ਅਮਲੋਹ ਟਰਾਂਸਫ਼ਰ ਹੋ ਚੁੱਕਿਆ ਹੈ ਜਿੱਥੇ 13,14,15 ਸਤੰਬਰ ਨੂੰ 26 ਲੱਖ ਰੁਪਏ ਦੀ ਰਾਸ਼ੀ ਕਢਵਾਈ ਗਈ ਹੈ। ਕਿਸਾਨ ਨੇ ਕਿਹਾ ਕਿ ਉਨ੍ਹਾਂ ਨਾ ਹੀ ਖਾਤਾ ਟਰਾਂਸਫ਼ਰ ਕਰਵਾਇਆ ਅਤੇ ਨਾ ਹੀ ਇਹ ਰਾਸ਼ੀ ਕਢਵਾਈ।
ਉਸ ਨੇ ਦੋਸ਼ ਲਾਇਆ ਕਿ ਇਹ ਸਾਰਾ ਕੁਝ ਕਥਿਤ ਮਿਲੀਭੁਗਤ ਦਾ ਨਤੀਜਾ ਹੈ ਜਿਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋ ਅਮਲੋਹ ਬਰਾਂਚ ਦੇ ਮੈਨੇਜਰ ਪ੍ਰਿੰਸ ਵਾਲੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ ’ਤੇ ਇਸ ਸਬੰਧੀ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਉੱਚ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਨਸਾਫ਼ ਮਿਲਣ ਤੱਕ ਰੋਜਾਨਾ ਧਰਨਾ ਜਾਰੀ ਰਹੇਗਾ।
Advertisement
×

