DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Municipal Elections: ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ

ਨਗਰ ਨਿਗਮ ਅਤੇ ਕੌਂਸਲ ਲੲੀ ਵੋਟਾਂ ਅੱਜ ਪੈਣਗੀਆਂ

  • fb
  • twitter
  • whatsapp
  • whatsapp
Advertisement

ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਲਈ ਪ੍ਰਸ਼ਾਸਨ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਐਤਵਾਰ ਨੂੰ ਚੋਣ ਪ੍ਰਚਾਰ ਬੰਦ ਹੋਣ ਮਗਰੋਂ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਵੱਲੋਂ ਘਰ ਘਰ ਜਾ ਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਯਤਨ ਜਾਰੀ ਹਨ। ਪ੍ਰਸ਼ਾਸਨ ਵੱਲੋਂ ਸਰਕਾਰੀ ਕਿਰਤੀ ਕਾਲਜ ਨਿਆਲ ਵਿੱਚ ਸਥਾਪਤ ਕੀਤੇ ਗਏ ਚੋਣ ਕੰਟਰੋਲ ਰੂਮ ਤੋਂ ਪੋਲਿੰਗ ਪਾਰਟੀਆਂ ਪੋਲਿੰਗ ਬੂਥਾਂ ਲਈ ਰਵਾਨਾ ਕੀਤੀਆਂ ਗਈਆਂ। ਪੁਲੀਸ ਪ੍ਰਸ਼ਾਸਨ ਵੱਲੋਂ ਡੀ ਐੱਸ ਪੀ ਪਾਤੜਾਂ ਗੁਰਦੀਪ ਸਿੰਘ ਸੰਧੂ ਅਤੇ ਥਾਣਾ ਮੁਖੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਸ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਐੱਸ ਡੀ ਐੱਮ ਪਾਤੜਾਂ ਕਮ ਚੋਣ ਅਧਿਕਾਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਨਗਰ ਕੌਂਸਲ ਪਾਤੜਾਂ ਦੇ 17 ਵਾਰਡਾਂ ਲਈ ਚੋਣ ਹੋਣੀ ਸੀ ਪਰ ਚਾਰ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹਿਣ ਮਗਰੋਂ ਹੁਣ 13 ਵਾਰਡਾਂ ਲਈ ਚੋਣ ਕਰਵਾਈ ਜਾ ਰਹੀ ਹੈ। ਚੋਣ ਲਈ ਨਗਰ ਕੌਂਸਲ ਪਾਤੜਾਂ ਦੇ 13 ਵਾਰਡਾਂ ਤੋਂ 57 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜਮਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੋਟਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਣਾਏ ਗਏ 24 ਪੋਲਿੰਗ ਬੂਥਾਂ ਉੱਤੇ ਵੋਟਾਂ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੋਟਰਾਂ ਦੀ ਸਹੂਲਤ ਲਈ ਪੀਣ ਵਾਲੇ ਠੰਢੇ ਪਾਣੀ ਦਾ ਇੰਤਜ਼ਾਮ ਕਰਨ ਦੇ ਨਾਲ ਨਾਲ ਛਾਂ ਦਾ ਵੀ ਪੂਰੀ ਤਰ੍ਹਾਂ ਧਿਆਨ ਰੱਖਿਆ ਗਿਆ ਹੈ। ਡੀ ਐੱਸ ਪੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਚੋਣਾਂ ਦੇ ਕੰਮ ਨੂੰ ਨਿਰਵਿਘਨ ਅਤੇ ਸ਼ਾਂਤੀਪੂਰਵਕ ਨੇਪਰੇ ਚੜ੍ਹਾਉਣ ਲਈ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਜਾਂ ਹੁੱਲੜਬਾਜ਼ ਨੂੰ ਪੋਲਿੰਗ ਦੌਰਾਨ ਬੂਥ ਦੇ ਨੇੜੇ ਨਹੀਂ ਆਉਣ ਦਿੱਤਾ ਜਾਵੇਗਾ।

Advertisement

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਸੁਖਜਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਰਾਜਪੁਰਾ ਨਗਰ ਕੌਂਸਲ ਚੋਣਾਂ ਲਈ ਪੋਲਿੰਗ ਪਾਰਟੀਆਂ ਨੂੰ ਅੱਜ ਪੋਲਿੰਗ ਸਟੇਸ਼ਨਾਂ ਵੱਲ ਰਵਾਨਾ ਕੀਤਾ ਗਿਆ। 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ 31 ਵਾਰਡਾਂ ਦੇ 88 ਪੋਲਿੰਗ ਬੂਥਾਂ ਉੱਤੇ ਚੋਣ ਅਮਲ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ। ਐੱਸ ਡੀ ਐੱਮ ਦਫ਼ਤਰ ਵਿੱਚ ਬਣਾਏ ਕੇਂਦਰ ਤੋਂ 440 ਮੁਲਾਜ਼ਮਾਂ ਨੂੰ ਚੋਣ ਸਮੱਗਰੀ ਸੌਂਪ ਕੇ ਡਿਊਟੀ ਲਈ ਭੇਜਿਆ ਗਿਆ। ਹਰ ਬੂਥ ਉੱਤੇ ਪੰਜ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਦਕਿ 45 ਕਰਮਚਾਰੀ ਰਾਖਵੇਂ ਰੱਖੇ ਗਏ ਹਨ। ਚੋਣਾਂ ਦੌਰਾਨ ਸੁਰੱਖਿਆ ਲਈ 261 ਪੁਲੀਸ ਮੁਲਾਜ਼ਮ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ 36 ਮੁਲਾਜ਼ਮ ਪੈਟਰੋਲਿੰਗ ਅਤੇ 150 ਰਿਜ਼ਰਵ ਡਿਊਟੀ ’ਤੇ ਰਹਿਣਗੇ। ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਨਾਕਿਆਂ ਉੱਤੇ ਵੀ 50 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖੀ ਜਾ ਸਕੇ। ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਗੁਰਬੰਸ ਸਿੰਘ ਬੈਂਸ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

Advertisement

ਸਮਾਣਾ ਸ਼ਹਿਰ ਨੂੰ ਅੱਠ ਸੈਕਟਰਾਂ ਵਿੱਚ ਵੰਡਿਆ

ਸਮਾਣਾ (ਸੁਭਾਸ਼ ਚੰਦਰ): ਰਿਟਰਨਿੰਗ ਅਫਸਰ, ਕਮ ਸਹਾਇਕ ਚੋਣ ਅਧਿਕਾਰੀ ਰਸ਼ਪਿੰਦਰ ਸਿੰਘ ਨੇ ਦੱਸਿਆ ਕਿ 26 ਮਈ ਨੂੰ ਨਗਰ ਕੌਂਸਲ ਦੇ 21 ਵਾਰਡਾਂ ਦੀਆਂ ਚੋਣਾਂ ਕਰਵਾਉਣ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਣ ਲਈ ਪੂਰੇ ਸ਼ਹਿਰ ਨੂੰ ਅੱਠ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਸੈਕਟਰਾਂ ਵਿੱਚ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਮੋਬਾਈਲ ਟੀਮਾਂ ਪੁਲੀਸ ਫੋਰਸ ਨਾਲ ਲਗਾਤਾਰ ਗਸ਼ਤ ਕਰਨਗੀਆ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕੁੱਲ 46624 ਵੋਟਰਾਂ ਲਈ 21 ਸਟੇਸ਼ਨਾਂ ਤੇ ਕੁੱਲ 51 ਬੂਥ ਬਣਾਏ ਗਏ ਹਨ, ਜਿੱਥੇ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਬੂਥਾਂ ਦੇ ਬਾਹਰ ਅਤੇ ਅੰਦਰ ਸੀ ਸੀ ਟੀ ਵੀ ਕੈਮਰਿਆਂ ਦੀ ਨਿਗਰਾਨੀ ਹੇਠ ਪੋਲਿੰਗ ਟੀਮਾਂ ਵੱਲੋਂ ਵੋਟਾਂ ਪੁਆਈਆਂ ਜਾਣਗੀਆਂ। ਬੂਥਾਂ ’ਤੇ 51 ਪੋਲਿੰਗ ਪਾਰਟੀਆਂ ਨੂੰ ਬੈਲਟ ਪੇਪਰ, ਬੈਲਟ ਬਕਸਿਆਂ ਤੇ ਹੋਰ ਚੋਣ ਸਮੱਗਰੀ ਦੇ ਕੇ ਪੁਲੀਸ ਫੋਰਸ ਨਾਲ 21 ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ ਹੈ।

Advertisement
×