ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਸਤੰਬਰ
ਪਟਿਆਲਾ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਦੀ ਮਾੜੀ ਹਾਲਤ ਦੀ ਸਾਰ ਲੈਣ ਲਈ ਅੱਜ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਸਮੇਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਮੰਨੂ ਪੁੱਜੇ। ਬੁੱਤ ਦੇ ਸਥਾਨ ’ਤੇ ਪੁੱਜ ਕੇ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਿੰਨੇ ਵੀ ਬੁੱਤ ਲੱਗੇ ਹਨ, ਉਨ੍ਹਾਂ ਦੀ ਸੰਭਾਲ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਪਟਿਆਲਾ ਵਿੱਚ ਸ਼ਹੀਦ-ਏ-ਆਜ਼ਮ ਦੇ ਇੱਕੋ ਇਕ ਬੁੱਤ ਨੂੰ ਇਸ ਪਾਰਕ ’ਚ ਹੋਰ ਥਾਂ ’ਤੇ ਲਗਾਇਆ ਜਾਵੇਗਾ ਕਿਉਂਕਿ ਇਸ ਵੇਲੇ ਬੁੱਤ ਦੀਆਂ ਨੀਂਹਾਂ ਮੋਕਲੀਆਂ ਹੋ ਗਈਆਂ ਹਨ। ਜੌੜੇਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦਾ 28 ਸਤੰਬਰ ਨੂੰ ਜਨਮ ਦਿਨ ਮਨਾਉਣ ਲਈ ਸੂਬਾ ਪੱਧਰ ’ਤੇ ਸਮਾਗਮ ਕੀਤੇ ਜਾ ਰਹੇ ਹਨ, ਬੂਟੇ ਲਾਉਣ ਲਈ ਸਪਤਾਹ ਮਨਾਇਆ ਜਾ ਰਿਹਾ ਹੈ, ਥਾਂ ਥਾਂ ’ਤੇ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਵਿੱਚ ਸਥਿਤ ਇਹ ਬੁੱਤ, ਪਾਰਕ ਨੂੰ ਸ਼ਿੰਗਾਰ ਕੇ ਵੱਖਰੀ ਥਾਂ ’ਤੇ ਲਗਾਇਆ ਜਾਵੇਗਾ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ 28 ਸਤੰਬਰ ਨੂੰ ਸਰਕਾਰੀ ਪੱਧਰ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਇਸੇ ਬੁੱਤ ਵਾਲੀ ਥਾਂ ’ਤੇ ਮਨਾਇਆ ਜਾਵੇਗਾ।