ਪੰਜਾਬ ਸਰਕਾਰ ਲੋਕ ਮੁੱਦਿਆਂ ਪ੍ਰਤੀ ਗੰਭੀਰ ਨਹੀਂ: Parminder Singh Dhindsa
ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਵੱਲੋਂ ਭਲਕੇ ਡੀ ਸੀ ਨੂੰ ਮੰਗ ਪੱਤਰ ਦੇਣ ਦੀ ਤਿਆਰੀ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪਾਣੀਆਂ ਦੇ ਮਸਲੇ, ਬੰਦੀ ਸਿੰਘਾਂ ਦੀ ਰਿਹਾਈ, ਦਿਨੋਂ ਦਿਨ ਵਧ ਰਹੀ ਮਹਿੰਗਾਈ, ਰਸੋਈ ਗੈਸ ਤੇ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ, ਬੇਰੁਜ਼ਗਾਰੀ ਵਿੱਚ ਬੇਤਹਾਸ਼ਾ ਵਾਧਾ ਅਤੇ ਪੰਜਾਬ ਸਿਰ ਲਗਾਤਾਰ ਚੜ੍ਹ ਰਹੇ ਕਰਜ਼ੇ ਸਬੰਧੀ ਪੰਜਾਬ ਦਾ ਹਰ ਨਾਗਰਿਕ ਚਿੰਤਤ ਹੈ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕ ਮੁੱਦਿਆਂ ਪ੍ਰਤੀ ਰਤਾ ਭਰ ਵੀ ਗੰਭੀਰ ਨਹੀਂ ਹੈ। ਸ੍ਰੀ ਢੀਂਡਸਾ ਆਪਣੀ ਸਥਾਨਕ ਰਿਹਾਇਸ਼ ’ਤੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਮਹੀਨੇ ਕਰਜ਼ੇ ਚੁੱਕ ਕੇ ਡੰਗ ਟਪਾ ਰਹੀ ਹੈ ਅਤੇ ਵਰੋਲਾਵਾਦੀ ਸਿਆਸਤ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ, ਲੋਕਾਂ ਦੇ ਮਸਲਿਆਂ ਤੇ ਪੰਥਕ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪਾਰਟੀ ਨੇ ਪੰਜਾਬ ਦੇ ਅਸਲ ਮੁੱਦਿਆਂ ਵੱਲ ਧਿਆਨ ਦਿਵਾਉਣ ਲਈ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ’ਤੇ 1 ਜੂਨ ਨੂੰ ਡੀ ਸੀ ਸੰਗਰੂਰ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਉਲੀਕਿਆ ਹੈ।
ਉਨ੍ਹਾਂ ਪਾਰਟੀ ਵਰਕਰਾਂ ਨੂੰ ਸਵੇਰੇ ਸਾਢੇ ਅੱਠ ਵਜੇ ਸਰਕਾਰੀ ਰੈਸਟ ਹਾਊਸ,ਸੰਗਰੂਰ ਵਿੱਚ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਵੱਡੇ ਕਾਫਲੇ ਦੇ ਰੂਪ ਵਿੱਚ ਡੀ ਸੀ ਨੂੰ ਮੰਗ ਪੱਤਰ ਦਿੱਤਾ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਲੋਕ ਮੁੱਦਿਆਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ, ਸ਼ਹਿਰੀ ਪ੍ਰਧਾਨ ਰਿਪਦੁਮਨ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਲਾਜਪਤ ਰਾਏ ਸੁਨਾਮ, ਪ੍ਰਿਤਪਾਲ ਪਾਲੀ ਸੰਦੀਪ ਦਾਨੀਆ, ਵਿਜੇ ਲੰਕੇਸ਼, ਗੁਰਮੀਤ ਸਿੰਘ ਜੌਹਲ, ਵਰਿੰਦਰਪਾਲ ਸਿੰਘ ਟੀਟੂ, ਏ ਪੀ ਬਾਬਾ ਮੌਜੂਦ ਸਨ।

