Punjab Civic Body Elections: ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ
ਵਿਧਾਇਕਾ ਭਰਾਜ ਅਤੇ ਸਾਬਕਾ ਮੰਤਰੀ ਸਿੰਗਲਾ ਵਿਚਕਾਰ ਤਕਰਾਰ
ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਅੱਜ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਈਆਂ। 15 ਵਾਰਡਾਂ ਦੇ ਕੁੱਲ 18,500 ਵੋਟਰਾਂ ਵਿੱਚੋਂ 13,225 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਕੁੱਲ 71.4 ਫੀਸਦੀ ਵੋਟ ਪੋਲ ਹੋਈ।
ਅਤਿ ਦਰਜੇ ਦੀ ਗਰਮੀ ਦੇ ਬਾਵਜੂਦ ਲੋਕਾਂ ਵੱਲੋਂ ਵੋਟਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਵੱਖ ਵੱਖ ਵਾਰਡਾਂ ਵਿਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਵਿੱਚ ਕੋਈ ਟਕਰਾਅ ਵਾਲਾ ਮਾਹੌਲ ਨਹੀਂ ਸੀ।
ਇਸੇ ਦੌਰਾਨ ਵਾਰਡ ਨੰਬਰ 13 ਦੇ ਪੋਲਿੰਗ ਬੂਥ ’ਤੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਰਮਿਆਨ ਉਸ ਸਮੇਂ ਤਿੱਖਾ ਤਕਰਾਰ ਹੋ ਗਿਆ, ਜਦੋਂ ਸਾਬਕਾ ਮੰਤਰੀ ਸਿੰਗਲਾ ਆਪਣੇ ਪਾਰਟੀ ਦੇ ਬੂਥ ਏਜੰਟ ਦੀ ਹਮਾਇਤ ਕਰਨ ਲਈ ਬੂਥ ਅੰਦਰ ਦਾਖਲ ਹੋ ਗਏ। ਇਸੇ ਸਮੇਂ ਹਲਕਾ ਵਿਧਾਇਕ ਭਰਾਜ ਨੇ ਬੂਥ ਦੇ ਬਾਹਰ ਪਹੁੰਚ ਕੇ ਸਾਬਕਾ ਮੰਤਰੀ ਸਿੰਗਲਾ ਖ਼ਿਲਾਫ਼ ਤਿਖੀ ਸੁਰ ਵਿੱਚ ਬੋਲਦਿਆਂ ਕਿਹਾ ਕਿ ਸਿੰਗਲਾ ਵੱਲੋਂ ਚੋਣ ਨਿਯਮਾਂ ਦੀ ਉਲੰਘਣਾ ਕਰ ਕੇ ਬੂਥ ਅੰਦਰ ਦਖ਼ਲਅੰਦਾਜ਼ੀ ਕੀਤੀ ਗਈ ਹੈ।
ਦੂਜੇ ਪਾਸੇ ਸਾਬਕਾ ਮੰਤਰੀ ਸਿੰਗਲਾ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਦੀ ਸ਼ਿਕਾਇਤ ਸਬੰਧੀ ਚੋਣ ਅਮਲੇ ਨਾਲ ਸਿਰਫ਼ ਗੱਲਬਾਤ ਕਰਨ ਗਏ ਸਨ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਰਾਜਪੁਰਾ ਦੀਆਂ 31 ਵਾਰਡਾਂ ਵਾਲੀ ਨਗਰ ਕੌਂਸਲ ਲਈ ਅੱਜ ਹੋਈ ਵੋਟਿੰਗ ਦਾ ਕੰਮ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਲਗਪਗ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਤਾਪਮਾਨ 40 ਡਿਗਰੀ ਤੋਂ ਵੱਧ ਹੋਣ ਦੇ ਬਾਵਜੂਦ ਹਵਾ ਚੱਲਦੀ ਰਹਿਣ ਕਾਰਨ ਗਰਮੀ ਦਾ ਅਸਰ ਘੱਟ ਮਹਿਸੂਸ ਕੀਤਾ ਗਿਆ ਅਤੇ ਵੋਟਰਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਸਾਰੀਆਂ ਰਾਜਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਪਹੁੰਚਾਉਣ ਲਈ ਪੂਰਾ ਜ਼ੋਰ ਲਾਇਆ ਗਿਆ। ਐੱਸ ਡੀ ਐੱਮ -ਕਮ-ਰਿਟਰਨਿੰਗ ਅਫਸਰ ਸੁਖਜਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਵਿੱਚ ਕਰੀਬ 59.70 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਉਧਰ, ਪੋਲਿੰਗ ਸਮਾਪਤ ਹੋਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਵਾਰਡ ਨੰਬਰ 20 ਦੇ ਇਸਲਾਮਪੁਰ ਖੇਤਰ ਵਿੱਚ ਹਿੰਸਕ ਝੜਪ ਹੋ ਗਈ। ਕਾਂਗਰਸ ਉਮੀਦਵਾਰ ਦਰਸ਼ਨ ਸਿੰਘ ਮਾਮਾ ਦੇ ਸਮਰਥਕ ਗੁਰਚਰਨ ਸਿੰਘ ਨੇ ਦੋਸ਼ ਲਾਇਆ ਕਿ ‘ਆਪ’ ਉਮੀਦਵਾਰ ਰਮਨ ਟਿਵਾਣਾ ਦੇ ਸਮਰਥਕਾਂ ਨੇ ਕਾਂਗਰਸ ਦਫ਼ਤਰ ਵਿੱਚ ਦਾਖਲ ਹੋ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਦਫ਼ਤਰ ਵਿੱਚ ਭੰਨਤੋੜ ਕੀਤੀ। ਜ਼ਖਮੀ ਗੁਰਚਰਨ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਹੁਕਮਰਾਨ ਧਿਰ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਹਾਰ ਦੇ ਡਰ ਕਾਰਨ ਕਾਂਗਰਸੀ ਵਰਕਰਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 24 ਅਤੇ 25 ਦੇ ਮਹਿੰਦਰਗੰਜ ਸਕੂਲ ਬਾਹਰ ਵੀ ਕੁੱਝ ਸਮੇਂ ਲਈ ਤਣਾਅਪੂਰਨ ਮਾਹੌਲ ਬਣਿਆ ਪਰ ਬਾਅਦ ਵਿਚ ਚਾਰੋਂ ਪਾਰਟੀਆਂ ਦੇ ਉਮੀਦਵਾਰਾਂ ਨੇ ਇਕ ਬੈਂਚ ਉਪਰ ਬੈਠ ਕੇ ਭਾਈਚਾਰਕ ਸਾਂਝ ਦੀ ਅਪੀਲ ਕਰਦਿਆਂ ਮਾਹੌਲ ਸ਼ਾਂਤੀਪੂਰਬਕ ਬਣਾਇਆ।
ਅਮਰਗੜ੍ਹ ਵਿੱਚ 77.45 ਫ਼ੀਸਦੀ ਵੋਟਾਂ ਪਈਆਂ
ਅਮਰਗੜ੍ਹ (ਸੁਖਵਿੰਦਰ ਸਿੰਘ ਅਟਵਾਲ): ਨਗਰ ਪੰਚਾਇਤ ਅਮਰਗੜ੍ਹ ਲਈ ਅੱਜ 11 ਵਾਰਡਾਂ ’ਤੇ ਵੋਟਾਂ ਪਈਆਂ। ਇਸ ਦੌਰਾਨ ਵੋਟਰਾਂ ਵਿੱਚ ਆਪਣੀ ਵੋਟ ਦੀ ਵਰਤੋਂ ਕਰਨ ਲਈ ਰੁਚੀ ਇਸ ਕਦਰ ਦੇਖੀ ਗਈ ਕਿ ਬਜ਼ੁਰਗ ਤੇ ਅਪਾਹਜ ਵੋਟਰ ਵੀ ਆਪਣੀ ਵੋਟ ਦਾ ਵਰਤੋਂ ਕਰਦੇ ਨਜ਼ਰ ਆਏ। ਇਨ੍ਹਾਂ ਲਈ ਹਰੇਕ ਪੋਲਿੰਗ ਬੂਥ ’ਤੇ ਵ੍ਹੀਲ ਚੇਅਰਾਂ ਵੀ ਰੱਖੀਆਂ ਗਈਆਂ ਸਨ। ਅਮਰਗੜ੍ਹ ਵਿੱਚ 77. 45 ਫੀਸਦੀ ਵੋਟਾਂ ਪੋਲ ਹੋਈਆਂ, ਜੋ ਪੂਰੇ ਜ਼ਿਲ੍ਹੇ ਵਿੱਚੋਂ ਸਭ ਤੋਂ ਜ਼ਿਆਦਾ ਹਨ। ਵਾਰਡ ਨੰਬਰ 9 ਅਤੇ 4 ਵਿੱਚ ਵੱਖੋ-ਵੱਖ ਪਾਰਟੀਆਂ ਦੇ ਸਮਰਥਕਾਂ ਵਿੱਚ ਹੋਈ ਮਾਮੂਲੀ ਤਕਰਾਰਬਾਜ਼ੀ ਦੀਆਂ ਘਟਨਾਵਾਂ ਨੂੰ ਛੱਡ ਕੇ ਬਾਕੀ ਬੂਥਾਂ ’ਤੇ ਚੋਣ ਪ੍ਰਕਿਰਿਆ ਪੂਰੀ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹੀ।

