ਅਤਿ ਦੀ ਗਰਮੀ ਕਾਰਨ ਜਨ-ਜੀਵਨ ਪ੍ਰਭਾਵਿਤ
ਖੇਤਾਂ ਵਿੱਚ ਕਿਸਾਨ ਤੇ ਮਜ਼ਦੂਰ ਹਾਲੋਂ ਬੇਹਾਲ; ਸਕੂਲਾਂ ਦਾ ਸਮਾਂ ਬਦਲਣ ਨਾਲ ਵਿਦਿਆਰਥੀਆਂ ਨੂੰ ਰਾਹਤ
ਲਗਾਤਾਰ ਵੱਧ ਰਹੀ ਗਰਮੀ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਸਵੇਰੇ ਚੜ੍ਹਦੇ ਹੀ ਤਪਦਾ ਸੂਰਜ ਲੋਕਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਦਿਨ ਵਿੱਚ ਤਾਪਮਾਨ 45 ਡਿਗਰੀ ਤੱਕ ਹੋਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਇਸ ਦੇ ਬਾਵਜੂਦ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਤਿੱਖੀ ਧੁੱਪ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਸਾਉਣੀ ਦੀ ਫਸਲ ਦੇ ਸੀਜ਼ਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹੋਣ ਕਾਰਨ ਖੇਤਾਂ ਵਿੱਚ ਕੰਮ ਰੁਕਣਾ ਸੰਭਵ ਨਹੀਂ।
ਗਰਮੀ ਦਾ ਵੱਧ ਅਸਰ ਬੱਚਿਆਂ ਅਤੇ ਬਜ਼ੁਰਗਾਂ ’ਤੇ ਪੈ ਰਿਹਾ ਹੈ। ਸਰਕਾਰ ਵੱਲੋਂ ਦਫ਼ਤਰਾਂ ਅਤੇ ਸਕੂਲਾਂ ਦਾ ਸਵੇਰੇ 7.30 ਤੋਂ ਦੁਪਹਿਰ 1.30 ਦਾ ਸਮਾਂ ਨਿਰਧਾਰਤ ਕਰ ਕੇ ਕੁਝ ਹੱਦ ਤੱਕ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਖੇਤੀ ਨਾਲ ਜੁੜੇ ਲੋਕਾਂ ਲਈ ਰਾਹਤ ਨਹੀਂ । ਇਨ੍ਹਾਂ ਦਿਨਾਂ ਵਿੱਚ ਮਗਨਰੇਗਾ ਮਜ਼ਦੂਰ ਬਰਸਾਤੀ ਨਾਲਿਆਂ ਦੀ ਸਫ਼ਾਈ ਦਾ ਕੰਮ ਕਰ ਰਹੇ ਹਨ। ਸਿਹਤ ਮਾਹਿਰਾਂ ਅਤੇ ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਖਾਸ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਰਮੀ ਦਾ ਅਸਰ ਬਾਜ਼ਾਰਾਂ ਵਿੱਚ ਵੀ ਨਜ਼ਰ ਆ ਰਿਹਾ ਹੈ। ਧੁੱਪ ਅਤੇ ਵਧਦੇ ਤਾਪਮਾਨ ਕਾਰਨ ਬਾਜ਼ਾਰਾਂ ਵਿੱਚ ਸੁੰਨ ਪਸਰੀ ਰਹਿੰਦੀ ਹੈ। ਗਾਹਕਾਂ ਦੀ ਆਵਾਜਾਈ ਵਿੱਚ ਕਾਫੀ ਕਮੀ ਆਈ ਹੈ। ਲੋਕ ਆਮ ਤੌਰ ’ਤੇ ਧੁੱਪ ਤੋਂ ਬਚਣ ਲਈ ਘਰਾਂ ਜਾਂ ਦਫ਼ਤਰਾਂ ਵਿੱਚ ਹੀ ਰਹਿਣਾ ਮੁਨਾਸਿਬ ਸਮਝ ਰਹੇ ਹਨ। ਮੌਜੂਦਾ ਹਾਲਤਾਂ ਵਿੱਚ ਗਰਮੀ ਨੇ ਹਰ ਵਰਗ ਦੇ ਜੀਵਨ ’ਤੇ ਡੂੰਘਾ ਅਸਰ ਛੱਡਿਆ ਹੈ ਅਤੇ ਜੇ ਤਾਪਮਾਨ ਵਿੱਚ ਹੋਰ ਵਾਧਾ ਹੁੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।

