PSPCL Power Crisis: ਬਿਜਲੀ ਘਾਟ ਲਈ ਵਰਤੀ ਲਾਪ੍ਰਵਾਹੀ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਏ ਸਰਕਾਰ: ਬਹਿਰੂ
ਤਜਰਬੇਕਾਰ ਟੈਕਨੋਕਰੇਟ ਨੂੰ ਸੀ ਐੱਮ ਡੀ ਨਿਯੁਕਤ ਕਰਨ ਦੀ ਅਪੀਲ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਵਰਤੀ ਲਾਪ੍ਰਵਾਹੀ ਕਾਰਨ ਪੰਜਾਬ ਦੇ ਥਰਮਲਾਂ ਵਿੱਚ ਕੋਲੇ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਰ ਕੇ ਬਿਜਲੀ ਸਪਲਾਈ ਵਿੱਚ ਪਏ ਵੱਡੇ ਵਿਘਨ ਨੇ ਪੂਰੇ ਪੰਜਾਬ ਦੇ ਖੇਤੀ ਸੈਕਟਰ ਅਤੇ ਉਦਯੋਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਪ੍ਰਗਟਾਵਾ ਕਰਦਿਆਂ ਇੰਡੀਅਨ ਫਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਭਾਵੇਂ ਪੰਜਾਬ ਵਾਸੀਆਂ ਦੇ ਰੋਹ ਨੂੰ ਠੰਢਾ ਕਰਨ ਲਈ ਪੰਜਾਬ ਸਰਕਾਰ ਨੇ ਪਾਵਰਕੌਮ ਦੇ ਸੀ ਐੱਮ ਡੀ ਡਾ. ਬਸੰਤ ਗਰਗ ਦੀ ਤੁਰੰਤ ਬਦਲੀ ਕਰ ਕੇ ਇੱਕ ਸੀਨੀਅਰ ਆਈ ਏ ਐੱਸ ਅਧਿਕਾਰੀ ਨੂੰ ਪਾਵਰਕੌਮ ਦੇ ਸੀ ਐੱਮ ਡੀ ਵਜੋਂ ਨਿਯੁਕਤ ਕਰ ਦਿੱਤਾ ਹੈ ਪਰ ਜਿੰਨਾ ਚਿਰ ਉੱਚ ਅਧਿਕਾਰੀਆਂ ਵੱਲੋਂ ਇਸ ਵਰਤੀ ਗਈ ਲਾਪ੍ਰਵਾਹੀ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਕਰਵਾਉਂਦੇ ਉਨਾ ਚਿਰ ਇਹ ਸੰਕਟ ਬਣਿਆ ਰਹੇਗਾ। ਬਹਿਰੂ ਨੇ ਤਜਰਬਾ ਸਾਂਝਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਜੇ ਖੇਤੀ ਸੈਕਟਰ, ਉਦਯੋਗਪਤੀਆਂ ਤੇ ਮਨੁੱਖੀ ਜੀਵਨ ਨਾਲ ਜੁੜੀ ਘਰੇਲੂ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਾ ਚਾਹੁੰਦੇ ਹੋ ਤਾਂ ਤੁਰੰਤ ਤਜਰਬੇਕਾਰ ਟੈਕਨੋਕੇਰੇਟ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ ਐੱਮ ਡੀ ਵਜੋਂ ਨਿਯੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਵੀ ਬਿਜਲੀ ਸਪਲਾਈ ’ਚ ਪਏ ਵਿਘਨ ਨੇ ਝੰਜੋੜ ਕੇ ਰੱਖ ਦਿੱਤਾ ਹੈ।

