ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 13 ਸਤੰਬਰ
ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਿੰਡ ਕੱਛਵੀ ਤੋਂ ਨਵੀਂ ਬੱਸ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਕੱਛਵੀ ਤੋਂ ਹੋ ਕੇ ਹੋਰਨਾਂ ਪਿੰਡਾਂ ਦੇ ਰਸਤੇ ਰਾਹੀਂ ਪਟਿਆਲਾ ਪੁੱਜੇਗੀ। ਪਿੰਡ ਵਾਸੀਆਂ ਦੇ ਕਹਿਣ ਮੁਤਾਬਿਕ ਨੇੜਲੇ ਪਿੰਡ ਕੱਛਵੀ ਵਿੱਚੋਂ ਬੱਸ ਨਾ ਲੰਘਣ ਕਾਰਨ ਇੱਥੋਂ ਦੇ ਲੋਕ ਲੰਮੇ ਸਮੇਂ ਤੋਂ ਪਰੇਸ਼ਾਨ ਸਨ। ਪਿੰਡ ਕਛਵੀ ਦੇ ਗੁਰਵਿੰਦਰ ਸਿੰਘ ਲਾਲੀ ਰਹਿਲ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਚੇਅਰਮੈਨ ਸ੍ਰੀ ਹਡਾਣਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਸੀਟਾਂ ’ਤੇ ਕਾਬਜ਼ ਰਹੀਆਂ ਪਰ ਕਿਸੇ ਨੇ ਵੀ ਪਿੰਡ ਦੇ ਇਸ ਖਾਸ ਮੁੱਦੇ ਦੀ ਸਾਰ ਲੈਣਾ ਠੀਕ ਨਹੀਂ ਸਮਝਿਆ। ਨਤੀਜੇ ਵਜੋਂ ਇੱਥੋਂ ਦੀਆਂਕੁੜੀਆਂ ਅਤੇ ਮੁੰਡਿਆਂ ਨੂੰ ਕਾਲਜਾਂ ਤੱਕ ਪਹੁੰਚਣ ਲਈ ਦੇਵੀਗੜ੍ਹ ਤੇ ਨੇੜਲੇ ਪਿੰਡਾਂ ਤੱਕ ਪੈਦਲ ਜਾਂ ਮੋਟਰਸਾਈਕਲਾਂ ਤੇ ਜਾਣਾ ਪੈਂਦਾ ਸੀ। ਹੁਣ ਪਟਿਆਲਾ ਜਾਂ ਹੋਰ ਇਲਾਕਿਆਂ ਤੱਕ ਜਾਣ ਲਈ ਖੱਜਰ ਖੁਆਰ ਨਹੀਂ ਹੋਣਾ ਪਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਤੇ ਇਸ ਕੰਮ ਲਈ ਹੰਭਲਾ ਮਾਰਨ ਵਾਲੇ ਗੁਰਵਿੰਦਰ ਸਿੰਘ ਲਾਲੀ ਰਹਿਲ ਦਾ ਵੀ ਧੰਨਵਾਦ ਕੀਤਾ।