ਪਿੰਡ ਸ਼ੁਤਰਾਣਾ ਦੇ ਨੌਜਵਾਨ ਨਾਲ ਵਾਪਰੇ ਸੜਕ ਹਾਦਸੇ ਵਿੱਚ ਪੁਲੀਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਪਾਤੜਾਂ ਬਾਦਸ਼ਾਹਪੁਰ ਸੜਕ ਉੱਤੇ ਥਾਣਾ ਸ਼ੁਤਰਾਣਾ ਸਾਹਮਣੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਕੇ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਪੁਲੀਸ ਵੱਲੋਂ ਦੋ ਦਿਨ ਵਿੱਚ ਟਰੱਕ ਚਾਲਕ ਖ਼ਿਲਾਫ਼ ਕਾਰਵਾਈ ਦੇ ਦਿੱਤੇ ਗਏ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ।
ਸਾਬਕਾ ਬਲਾਕ ਸਮਿਤੀ ਮੈਂਬਰ ਬਲਵੀਰ ਸਿੰਘ, ਸਾਬਕਾ ਸਰਪੰਚ ਭਗਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਲਖਵਿੰਦਰ ਸਿੰਘ ਨੂੰ ਪਾਤੜਾਂ ਖਨੌਰੀ ਮੁੱਖ ਸੜਕ ਉੱਤੇ ਟਰੱਕ ਚਾਲਕ ਫੇਟ ਮਾਰ ਕੇ ਫਰਾਰ ਹੋ ਗਿਆ। ਹਾਦਸੇ ਵਿੱਚ ਲਖਵਿੰਦਰ ਸਿੰਘ ਦੇ ਲੱਕ ਅਤੇ ਮੋਢੇ ਉੱਤੇ ਗੰਭੀਰ ਸੱਟਾਂ ਲੱਗੀਆਂ ਤੇ ਉਹ ਕਈ ਦਿਨ ਰਜਿੰਦਰਾ ਹਸਪਤਾਲ ਪਟਿਆਲਾ ‘ਚ ਦਾਖਲ ਰਿਹਾ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਧਰਨਾ ਦੇਣ ਲਈ ਮਜਬੂਰ ਹੋਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਵਿੱਚ ਟਰੱਕ ਚਲਕ ਖਿਲਾਫ਼ ਠੋਸ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇੇ। ਇਸ ਮੌਕੇ ਪਰਿਵਾਰਕ ਮੈਂਬਰਾਂ ਵਿੱਚ ਜ਼ਖ਼ਮੀ ਨੌਜਵਾਨ ਦੀ ਮਾਂ ਬਚਨੀ ਦੇਵੀ, ਪਤਨੀ ਮਨਜੀਤ ਕੌਰ, ਭਰਾ ਰਮੇਸ਼ਵਰ, ਨਵੀਨ ਕੁਮਾਰ, ਪੱਪੂ ਰਾਮ, ਸੋਨੂੰ ਰਾਮ, ਬੂਟਾ ਰਾਮ ਅਤੇ ਭੀਮ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਥਾਣਾ ਸ਼ੁਤਰਾਣਾ ਦੇ ਮੁਨਸ਼ੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਹਾਦਸਾ 11 ਜੂਨ ਨੂੰ ਵਾਪਰਿਆ ਸੀ ਅਤੇ ਜ਼ਖਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋ ਦਿਨਾਂ ਵਿੱਚ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

