
ਪੰਜਾਬੀ ਯੂਨੀਵਰਸਿਟੀ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਪ੍ਰਦਰਸ਼ਨਕਾਰੀ।
ਸਰਬਜੀਤ ਭੰਗੂ
ਪਟਿਆਲਾ, 21 ਮਾਰਚ
‘ਪੰਜਾਬੀ ‘ਵਰਸਿਟੀ ਬਚਾਓ ਮੋਰਚੇ’ ਵੱਲੋਂ ਯੂਨੀਵਰਸਿਟੀ ਦੀ ਗ੍ਰਾਂਟ ਵਧਾਉਣ ਤੇ ਕਰਜ਼ਾ-ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਲਾਇਆ ਪੱਕਾ ਮੋਰਚਾ ਨੌਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕੈਂਪਸ ਵਿਚਲੇ ਆਰਟਸ ਬਲਾਕਾਂ ਵਿੱਚ ਗਿਆਰਾਂ ਤੋਂ ਇੱਕ ਵਜੇ ਤੱਕ ਕਲਾਸਾਂ ਦਾ ਬਾਈਕਾਟ ਕਰਕੇ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਅੰਬੇਡਕਾਰ ਹੋਸਟਲ ਤੋਂ ਹੋ ਕੇ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਤੇ ਵੀ ਸੀ ਦਫਤਰ ਅੱਗਿਓਂ ਹੁੰਦਾ ਹੋਇਆ ਇਹ ਕਾਫਲਾ ਮੇਨ ਗੇਟ ’ਤੇ ਲੱਗੇ ਪੱਕੇ ਮੋਰਚੇ ’ਤੇ ਪਹੁੰਚਿਆ।
ਇਸ ਮੌਕੇ ਬੁਲਾਰਿਆਂ ਨੇ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਅਤੇ ਗ੍ਰਾਂਟ ਵਧਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਲਿਖਤੀ ਰੂਪ ਦੇਣ ਦੀ ਮੰਗ ਕੀਤੀ। ਇਸ ਦੌਰਾਨ ਹੀ ਮੋਰਚੇ ਵਿੱਚ ਬਣੀ ਤਾਲਮੇਲ ਕਮੇਟੀ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਵੱਲ ਰੋਸ ਮਾਰਚ ਕਰਨ ਦਾ ਫੈਸਲਾ ਵੀ ਲਿਆ। ਅਧਿਆਪਕਾਂ ਵਿਚੋਂ ਡਾ. ਗੁਰਸੇਵਕ ਲੰਬੀ ਨੇ ਕਿਹਾ ਕਿ ਸਰਕਾਰ ਗਰੀਬ ਬੱਚਿਆਂ ਨੂੰ ਸਿਰਫ਼ ਸਕੂਲਾਂ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਹੈ। ਡਾ. ਚਰਨਜੀਤ ਨੌਹਰਾ ਨੇ ਵੀ ਸਰਕਾਰ ’ਤੇ ਵਾਅਦਾ-ਖਿਲਾਫ਼ੀ ਦੇ ਇਲਜ਼ਾਮ ਲਾਏ। ਨਾਨ-ਟੀਚਿੰਗ ਤੋਂ ਗਗਨਦੀਪ ਸ਼ਰਮਾ ਨੇ ਯੂਨੀਵਰਸਿਟੀ ਦੀ ਕਰਜ਼ਮੁਕਤੀ ਅਤੇ 30 ਕਰੋੜ ਮਹੀਨਾਵਾਰ ਗ੍ਰਾਂਟ ਦਾ ਜਲਦ ਪ੍ਰਬੰਧ ਕਰਨ ’ਤੇ ਜ਼ੋਰ ਦਿੱਤਾ।
ਪੰਜਾਬ ਸਟੂਡੈਂਟ ਯੂਨੀਅਨ ਤੋਂ ਅਮਨਦੀਪ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਸਟੇਟ ਯੂਨੀਵਰਸਿਟੀਆਂ ਨੂੰ ਆਪਣੇ ਮੁਤਾਬਕ ਢਾਲ ਲਿਆ ਹੈ, ਪਰ ਪੰਜਾਬੀ ਯੂਨੀਵਰਸਿਟੀ ਮਾਲਵੇ ਦੀ ਪੱਗ ਹੈ ਅਤੇ ਇਸ ਕਰਕੇ ਹੀ ਵਿਦਿਆਰਥੀਆਂ ਨੇ ਏਥੇ ਕਦੇ ਵੀ ਫ਼ੀਸਾਂ ਨਹੀਂ ਵਧਣ ਦਿੱਤੀਆਂ। ਵਿਦਿਅਦਾਰਥੀ ਆਗੂ ਮਨਦੀਪ, ਰਾਜਵਿੰਦਰ ਕੌਰ ਸਮੇਤ ਨੇ ਵੀ ਸੰਬੋਧਨ ਕੀਤਾ। ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੀ ਟੀਮ ਨੇ ਵੀ ‘ਮਸ਼ਾਲਾਂ ਬਾਲ ਕੇ ਰੱਖਿਓ’ ਗੀਤ ਦੀ ਪੇਸ਼ਕਾਰੀ ਕੀਤੀ। ਬਾਕੀ ਬੁਲਾਰਿਆਂ ਵਿੱਚ ਡਾ. ਰਾਜਦੀਪ ਚੋਪੜਾ, ਪ੍ਰੀਤ ਕਾਂਸੀ, ਰਸ਼ਪਿੰਦਰ ਜਿੰਮੀ ਆਦਿ ਨੇ ਵੀ ਸੰਬੋਧਨ ਕੀਤਾ ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ