Protest: ਪੈਨਸ਼ਨਰਾਂ ਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜੀ
ਮੰਗਾਂ ਨਾ ਮੰਨਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਇਥੇ ਐੱਸ ਡੀ ਐੱਮ ਦਫਤਰ ਦੇ ਗੇਟ ਅੱਗੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਬੁਲਾਰਿਆਂ ਨੇ ਕਿਹਾ ਕਿ ਹਾਈ ਕੋਰਟ ਨੇ 15 ਦਿਨਾਂ ਦੇ ਵਿੱਚ ਮੁਲਾਜ਼ਮਾਂ ਦਾ ਬਣਦਾ ਡੀ ਏ ਦੇਣ ਸਬੰਧੀ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੋਈ ਹੈ। ਇਸੇ ਤਰ੍ਹਾਂ ਹੋਰ ਮੰਗਾਂ ਪੰਜਾਬ ਸਰਕਾਰ ਮੰਨ ਕੇ ਵੀ ਲਾਗੂ ਨਹੀਂ ਕਰ ਰਹੀ। ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ ਵੱਲੋਂ ਸੁਖਪਾਲ ਸਿੰਘ ਪਾਲੀ, ਪੈਨਸ਼ਨ ਐਸੋਸੀਏਸ਼ਨ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਗੁਰਚਰਨ ਸਿੰਘ ਅਤੇ ਗੁਰਪਿਆਰ ਸਿੰਘ, ਪੈਨਸ਼ਨਰ ਯੂਨੀਅਨ ਵੱਲੋਂ ਮਹਿੰਦਰ ਸਿੰਘ ਖੋਖਰ, ਲੋਕ ਚੇਤਨਾ ਮੰਚ ਲਹਿਰਾ ਗਾਗਾ ਵੱਲੋਂ ਮਾਸਟਰ ਰਘਵੀਰ ਸਿੰਘ ਭਟਾਲ ਅਤੇ ਜਗਜੀਤ ਸਿੰਘ ਭਟਾਲ ਨੇ ਸੰਬੋਧਨ ਕੀਤਾ।
ਦਰਜਾ ਚਾਰ ਕਾਮਿਆਂ ਦੀ ਕੰਮ ਛੱਡੋ ਹੜਤਾਲ ਭਰੋਸੇ ਮਗਰੋਂ ਵਾਪਸ
ਪਟਿਆਲਾ (ਰਵੇਲ ਸਿੰਘ ਭਿੰਡਰ): ਸਰਕਾਰੀ ਮਾਤਾ ਕਸ਼ੱਲਿਆ ਹਸਪਤਾਲ ਸਣੇ ਸਿਹਤ ਵਿਭਾਗ ਸੰਸਥਾਵਾ ਦੇ ਆਊਟਸੋਰਸ ਚੌਥਾ ਦਰਜਾ ਕਰਮੀਆਂ ਵੱਲੋਂ ਅੱਜ ਅਣਮਿੱਥੇ ਸਮੇਂ ਲਈ ‘ਕੰਮ ਛੱਡੋ’ ਹੜਤਾਲ ਆਰੰਭੀ ਗਈ ਪਰ ਸਬੰਧਤ ਪ੍ਰਸ਼ਾਸਕੀ ਅਥਾਰਟੀ ਵਿੱਚ ਪੈਣ ਉਪਰੰਤ ਮਸਲੇ ਨੂੰ ਵਿਚਾਰਦਿਆਂ ਦੁਵੱਲੀ ਗੱਲਬਾਤ ਮਗਰੋਂ ਯੂਨੀਅਨ ਨੇ ਹੜਤਾਲ ਵਾਪਸ ਲੈ ਲਈ| ਅਜਿਹੇ ਦੌਰਾਨ ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਦੇ ਸੱਦੇ ’ਤੇ ਚੌਥਾ ਦਰਜਾ ਕਰਮੀਆਂ ਵੱਲੋਂ ਕੁਸ਼ੱਲਿਆ ਹਸਪਤਾਲ ਦੇ ਮੇਨ ਗੇਟ ’ਤੇ ਰੈਲੀ ਕੀਤੀ ਗਈ। ਮੁਲਾਜਮ ਆਗੂਆਂ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਭਾਵੇਂ ਕਿ ਸਰਕਾਰ ਨੇ ਠੇਕੇਦਾਰੀ ਪ੍ਰਥਾ ਦੇ ਖਾਤਮੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਪਰ ਹੁਣ ਤੱਕ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਿਆ| ਸਿਵਲ ਸਰਜਨ, ਮੈਡੀਕਲ ਸੁਪਰਡੈਂਟ ਤੇ ਡੀ ਐੱਮ ਸੀ ਤੇ ਹੋਰ ਅਧਿਕਾਰੀਆਂ ਦ ਭਰੋਸੇ ਮਗਰੋਂ ਕੰਮ ਛੋੜ ਹੜਤਾਲ ਰੈਲੀ ਕਰ ਕੇ ਸਮਾਪਤ ਕੀਤੀ ਗਈ | ਇਸ ਮੌਕੇ ਰਾਮ ਲਾਲ ਰਾਮਾ, ਸ਼ਿਵ ਚਰਨ, ਦੀਪ ਚੰਦ ਹੰਸ, ਰਾਮ ਪ੍ਰਸਾਦ ਸਹੋਤਾ, ਧਰਮਿੰਦਰ, ਅਜੇ ਕੁਮਾਰ, ਰਾਜੇਸ਼ ਕੁਮਾਰ, ਮੀਨੂੰ, ਤਰਸੇਮ ਸਮਾਣਾ, ਸੁਨੀਤਾ, ਕਮਲੇਸ਼ ਗੋਨੀ ਹਾਜ਼ਰ ਸਨ |
ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਨੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ
ਸੰਗਰੂਰ(ਖੇਤਰੀ ਪ੍ਰਤੀਨਿਧ): ਆਦਰਸ਼ ਸਕੂਲਾਂ ਦੇ ਅਧਿਆਪਕਾਂ ਅਤੇ ਦਰਜਾ-ਚਾਰ ਕਰਮਚਾਰੀਆਂ ਦਾ ਮੰਗਾਂ ਦੀ ਪੂਰਤੀ ਲਈ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਸੰਘਰਸ਼ ਅੱਜ 13ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਮੁਲਾਜ਼ਮਾਂ ਨੇ ਸਰਕਾਰ ਵੱਲੋਂ ਵਾਰ-ਵਾਰ ਕੀਤੇ ਵਾਅਦਿਆਂ ਤੋਂ ਮੁੱਕਰਣ ਤੇ ਰੋਸ ਜ਼ਾਹਰ ਕਰਦਿਆਂ ‘ਝੂਠੇ ਲਾਰਿਆਂ ਦੀ ਪੰਡ’ ਫੂਕੀ। ਆਗੂਆਂ ਨੇ ਦੱਸਿਆ ਕਿ ਅੱਜ ਪੰਜਾਬ ਸਰਕਾਰ ਦੀ ਸਬ-ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਜੇ ਮੰਗਾਂ ਦਾ ਠੋਸ ਹੱਲ ਨਾ ਨਿਕਲਿਆ ਤਾਂ 21 ਅਗਸਤ ਨੂੰ ਦਿੜ੍ਹਬਾ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਸਮੂਹ ਭਰਾਤਰੀ ਅਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਅਮਰਜੋਤ ਜੋਸ਼ੀ, ਸਲੀਮ ਮੁਹੰਮਦ, ਅਮਨ ਸ਼ਾਸਤਰੀ, ਗੁਰਜਿੰਦਰ ਰਾਮ, ਗੋਪਾਲ ਕ੍ਰਿਸ਼ਨ, ਰੋਹਿਤ ਅਰੋੜਾ, ਸਤਨਾਮ ਸਿੰਘ ਅਤੇ ਜਗਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਤੇ ਦਰਜਾ-ਚਾਰ ਕਰਮਚਾਰੀ ਹਾਜ਼ਰ ਸਨ।

