ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਅਕਤੂਬਰ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਅਧੀਨ ਢਾਈ ਦਹਾਕਿਆਂ ਤੋਂ ਬੁੜੈਲ ਜੇਲ੍ਹ ’ਚ ਬੰਦ ਪਟਿਆਲਾ ਵਾਸੀ ਇੰਜੀਨੀਅਰ ਗੁਰਮੀਤ ਸਿੰਘ ਦੀ ਰਿਹਾਈ ਸਬੰਧੀ ਯੂ.ਟੀ ਪ੍ਰਸਾਸਨ ਵੱਲੋਂ ਪਟਿਆਲਾ ਪ੍ਰਸ਼ਾਸਨ ਤੋਂ ਮੰਗੀ ਗਈ ਰਿਪੋਰਟ ਨਾ ਭੇਜਣ ਦੇ ਮਾਮਲੇ ਨੂੰ ਲੈ ਕੇ ਵੱਖ ਵੱਖ ਸਿੱਖ ਸੰਗਠਨਾਂ ਨੇ ਅੱਜ ਇਥੇ ਰੋਸ ਮਾਰਚ ਕੀਤਾ। ਬੰਦੀ ਸਿੰਘਾਂ ਦੀ ਰਿਹਾਈ ਦੇ ਕੇਸਾਂ ਦੀ ਪੈਰਵੀ ਕਰ ਰਹੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੇ ਸੱਦੇ ’ਤੇ ਇਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਇਕੱਤਰ ਹੋਏ ਇਹ ਸਿੱਖ ਕਾਰਕੁਨ ਇਥੋਂ ਇੱਕ ਕਿਲੋਮੀਟਰ ਤੱਕ ਸ਼ਾਂਤਮਈ ਢੰਗ ਨਾਲ ਮਾਰਚ ਕਰਦੇ ਮਿੰਨੀ ਸਕੱਤਰੇਤ ਅੱਪੜੇ। ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ਼ ਮੁਲਾਕਾਤ ਕਰਕੇ ਇਸ ਸਬੰਧੀ ਤਾਜ਼ਾ ਸਥਿਤੀ ਜਾਣਨ ਦੇ ਯਤਨ ਕੀਤੇ।
ਵਫ਼ਦ ’ਚ ਗੁਰਮੀਤ ਸਿੰਘ ਦੇ ਮਾਤਾ ਸੁਰਜੀਤ ਕੌਰ, ਐਡਵੋਕੇਟ ਜਸਪਾਲ ਮੰਝਪੁਰ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਟੌਹੜਾ, ਭਗਵੰਤ ਸਿੰਘ ਸਿਆਲਕਾ, ਰਣਧੀਰ ਸਮੂਰਾਂ, ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਕਰਨੈਲ ਵਿਰਕ, ਰਣਜੀਤ ਸਿੰਘ, ਜਤਿੰਦਰ ਸਿੰਘ ਈਸੜੂ, ਦਵਿੰਦਰ ਸੇਖੋਂ, ਅਜੈਪਾਲ ਬਰਾੜਆਦਿ ਵੀ ਮੌਜੂਦ ਸਨ। ਮਾਰਚ ਦੀ ਰਵਾਨਗੀ ਤੋਂ ਪਹਿਲਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦਾ ਕਹਿਣਾ ਸੀ ਗੁਰੂ ਨਾਨਕ ਨਗਰ ਪਟਿਆਲਾ ਦਾ ਵਸਨੀਕ ਇੰਜ. ਗੁਰਮੀਤ ਸਿੰਘ ਵੀ ਇਸ ਕਤਲ ਕੇਸ ਅਧੀਨ 1995 ਤੋਂ ਜੇਲ੍ਹ ’ਚ ਬੰਦ ਹੈ। ਅਗੇਤੀ ਰਿਹਾਈ ਲਈ ਉਸ ਨੇ 6 ਅਕਤੂਬਰ 2021 ਨੂੰ ਹਾਈ ਕੋਰਟ ’ਚ ਰਿਟ ਪਟੀਸ਼ਨ ਦਾਇਰ ਕੀਤੀ ਸੀ। ਨਿਰਧਾਰਤ ਨਿਯਮਾਂ ਤਹਿਤ ਅਜਿਹੇ ਮਾਮਲਿਆਂ ’ਚ ਅਦਾਲਤ ਵੱਲੋਂ ਸਬੰਧਤ ਜ਼ਿਲ੍ਹਾ ਮੈਜਿਸਟਰੇਟ ਤੋਂ ਰਿਪੋਰਟ ਮੰਗੀ ਜਾਂਦੀ ਹੈ। ਕਾਨੂੰਨੀ ਨੁਕਤਾ ਨਿਗਾਹ ਤੋਂ ਮੰਝਪੁਰ ਆਖਦੇ ਹਨ ਕਿ ਅਜਿਹੀ ਰਿਪੋਰਟ ਮਹੱਤਵਪੂਰਣ ਹੁੰਦੀ ਹੈ। ਇਸ ਸਬੰਧੀ ਯੂ.ਟੀ ਪ੍ਰਸਾਸ਼ਨ ਚੰਡੀਗੜ੍ਹ ਰਾਹੀਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਕੋਲ਼ ਪਿਛਲੇ ਸਮੇਂ ਦੌਰਾਨ ਕਈ ਵਾਰ ਪੱਤਰ ਭੇਜੇ ਜਾ ਚੁੱਕੇ ਹਨ, ਪਰ ਜਵਾਬ ਨਾ ਪੁੱਜਣ ਕਰਕੇ ਇਹ ਮਾਮਲਾ ਲਟਕਿਆ ਚੱਲਿਆ ਆ ਰਿਹਾ ਹੈ। ਮੰਝਪੁਰ ਮੁਤਾਬਿਕ ਅਜਿਹੇ ਪੱਤਰ ਵੱਖ ਵੱਖ ਡਿਪਟੀ ਕਮਿਸ਼ਨਰਾਂ ਦੀ ਤਾਇਨਾਤੀ ਦੌਰਾਨ ਪੁੱਜਦੇ ਰਹੇ ਹਨ।
ਡੀ.ਸੀ ਨਾਲ ਮੁਲਾਕਾਤ ਮਗਰੋਂ ਜਸਪਾਲ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ਕੋਈ ਮੰਗ ਪੱਤਰ ਨਹੀਂ ਦਿੱਤਾ, ਬਲਕਿ ਆਦਰ ਅਤੇ ਸਤਿਕਾਰ ਸਹਿਤ ਕਾਫਲੇ ਦੇ ਰੂਪ ’ਚ ਮਿੰਨੀ ਸਕੱਤਰੇਤ ਪੁੱਜ ਕੇ ਅਜਿਹੀ ਰਿਪੋਰਟ ਨਾ ਭੇਜਣ ਕਾਰਨ ਅਤੇ ਤਾਜਾ ਸਥਿਤੀ ਜਾਨਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਵਫ਼ਦ ਮੁਤਾਬਿਕ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਉਹ ਮਿਲੇ ਪੱਤਰ ਦਾ ਜਵਾਬ ਭੇਜਣ ਸਬੰਧੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਅ ਚੁੱੱਕੇ ਹਨ। ਉਧਰ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਟੌਹੜਾ ਦਾ ਕਹਿਣਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ‘ਆਪ’ ਸਰਕਾਰ ਵੀ ਸਟੈਂਡ ਸਪੱਸ਼ਟ ਕਰੇ।