ਆਊਟਸੋਰਸਡ ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਮਾਰਚ
ਫੁਹਾਰਾ ਚੌਕ ’ਤੇ ਜਾਮ ਲਾਇਆ; ਕੱਚੇ ਕਾਮਿਆਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ: ਉਗਰਾਹਾਂ
ਪਾਵਰਕੌਮ ਤੇ ਟਰਾਂਸਕੋ ਆਊਟਸੋਰਸਡ ਕਰਮਚਾਰੀ ਤਾਲਮੇਲ ਕਮੇਟੀ ਵੱਲੋਂ ਪ੍ਰਧਾਨ ਸੰਦੀਪ ਖੱਤਰੀ ਦੀ ਅਗਵਾਈ ਹੇਠ ਇਥੇ ਪਾਵਰਕੌਮ ਦਫ਼ਤਰ ਮੂਹਰੇ ਅੱਜ ਸ਼ਾਮੀ ਕੀਤੇ ਗਏ ਪ੍ਰਦਰਸ਼ਨ ਦੌਰਾਨ ਮਾਰਚ ਵੀ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੁਝ ਸਮਾਂ ਇਥੇ ਫੁਹਾਰਾ ਚੌਕ ’ਤੇ ਖੜ੍ਹ ਕੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮਾਲ ਰੋਡ ਤੋਂ ਸ਼ੁਰੂ ਕੀਤੇ ਇਸ ਇਸ ਰੋਸ ਮਾਰਚ ਦੌਰਾਨ ਇਹ ਕਾਫਲਾ ਸ਼ੇਰਾਂਵਾਲਾ ਗੇਟ, ਭਾਸ਼ਾ ਵਿਭਾਗ, ਛੋਟੀ ਬਾਰਾਦਰੀ, ਨਾਰਾਇਣ ਹੋਟਲ ਚੌਕ ਅਤੇ ਨਾਭਾ ਗੇਟ ਟੀ-ਪੁਆਇੰਟ ਤੋਂ ਹੁੰਦਾ ਹੋਇਆ ਫੁਹਾਰਾ ਚੌਕ ਪਹੁੰਚਿਆ। ਇਥੇ ਉਨ੍ਹਾਂ ਕੁਝ ਸਮਾਂ ਆਵਾਜਾਈ ਰੋਕੀ ਅਤੇ ਫਿਰ ਵਾਪਸ ਪਾਵਰਕੌਮ ਦਫ਼ਤਰ ਦੇ ਮੂਹਰੇ ਜਾਰੀ ਧਰਨੇ ’ਚ ਪੁੱਜ ਗਏ। ਪ੍ਰਧਾਨ ਸੰਦੀਪ ਖੱਤਰੀ ਅਤੇ ਹੋਰਾਂ ਠੇਕੇ ’ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਡ ਕਰਮਚਾਰੀਆਂ ਨੂੰ ਸਿੱਧੇ ਵਿਭਾਗ ਵਿੱਚ ਮਰਜ਼ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਹਮਾਇਤੀ ਧਿਰ ਵਜੋਂ ਸ਼ਾਮਲ ਹੋਏ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਰਕਾਰ ਤੋਂ ਇਨ੍ਹਾਂ ਕਾਮਿਆਂ ਦੀਆਂ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੀ ਹੋਰਨਾਂ ਸਰਕਾਰਾਂ ਦੀ ਤਰ੍ਹਾਂ ਹੀ ਕੱਚੇ ਕਾਮਿਆਂ ਦਾ ਸ਼ੋਸ਼ਣ ਕਰ ਰਹੀ ਹੈ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਬਰਾਸ ਤੇ ਬਲਰਾਜ ਜੋਸ਼ੀ ਵੀ ਮੌਜੂਦ ਸਨ। ਇਸੇ ਤਰ੍ਹਾਂ ਟੀ ਐੱਸ ਯੂ ਦੇ ਸੂਬਾ ਸਕੱਤਰ ਜਸਵਿੰਦਰ ਖੰਨਾ, ਮੀਟਰ ਰੀਡਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਵੈਦ ਅਤੇ ਆਊਟਸੋਰਸ ਐਂਪਲਾਈਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਤਰਨਦੀਪ ਸਿੰਘ ਨੇ ਵੀ ਸਾਥੀਆਂ ਸਮੇਤ ਹਮਾਇਤੀ ਧਿਰਾਂ ਵਜੋਂ ਸ਼ਿਰਕਤ ਕੀਤੀ।

