ਰਵੇਲ ਸਿੰਘ ਭਿੰਡਰ
ਪਟਿਆਲਾ, 10 ਅਕਤੂਬਰ
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ’ਚ ਹੋਏ ਘਪਲੇ ਦੇ ਮਾਮਲੇ ਅਤੇ ਹਾਥਰਸ ’ਚ ਦਲਿਤ ਲੜਕੀ ਨਾਲ ਕਥਿਤ ਸਮੂਹਿਕ ਜਬਰ-ਜਨਾਹ ਦਾ ਸ਼ਿਕਾਰ ਪੀੜਤਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਸੰਤ ਸਮਾਜ ਸੰਘਰਸ਼ ਕਮੇਟੀ ਤੇ ਦਲਿਤ ਜਥੇਬੰਦੀਆਂ ਦੇ ਸੱਦੇ ’ਤੇ ਸਥਾਨਕ ਸ਼ਹਿਰ ‘ਚ ਵੱਖ ਵੱਖ ਥਾਈਂ ਦਲਿਤ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ’ਤੇ ਰੋਸ ਪ੍ਰਦਰਸ਼ਨ ਤੇ ਚੱਕਾ ਜਾਮ ਕੀਤਾ ਗਿਆ।
ਨੈਸ਼ਨਲ ਸ਼ਡਿਊਲਡ ਕਾਸਟਜ਼ ਅਲਾਇੰਸ ਵੱਲੋਂ ਇਸ ਰੋਸ ਪ੍ਰੋਗਰਾਮ ਤਹਿਤ ਪਟਿਆਲਾ ਬੱਸ ਸਟੈਂਡ ਦੇ ਸਾਹਮਣੇ ਧਰਨਾ ਦੇ ਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ’ਚ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸ਼ਮੂਲੀਅਤ ਖ਼ਿਲਾਫ਼ ਪ੍ਰਦਰਸ਼ਨ ਤੇ ਚੱਕਾ ਜਾਮ ਕੀਤਾ ਗਿਆ। ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਜਦੋਂ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ 3 ਲੱਖ ਵਿਦਿਆਰਥੀਆਂ ਦਾ ਦਾਖਲਾ, 5 ਲੱਖ ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਸਰਟੀਫਿਕੇਟ ਤੁਰੰਤ ਨਹੀਂ ਦਿੱਤੇ ਜਾਂਦੇ ਅਤੇ ਘੁਟਾਲੇ ਵਿੱਚ ਸ਼ਾਮਿਲ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਟਾਉਣ ਅਤੇ ਘਪਲਿਆਂ ਦੀ ਸੀਬੀਆਈ ਜਾਂਚ ਨਹੀਂ ਕਰਵਾਉਣ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਸੰਤ ਸਮਾਜ ਸੰਘਰਸ਼ ਕਮੇਟੀ ਨਾਲ ਮਿਲ ਕੇ ਨੈਸ਼ਨਲ ਸ਼ਡਿਊਲਡ ਕਾਸਟਜ਼ ਅਲਾਇੰਸ ਵਲੋਂ ਸੰਘਰਸ਼ ਜਾਰੀ ਰਹੇਗਾ। ਕੈਂਥ ਨੇ ਕਿਹਾ ਕਿ ਕਾਲਜਾਂ ਅਤੇ ਯੂਨੀਵਰਸਿਟੀ ਵਾਲਿਆਂ ਦੀ ਪ੍ਰਬੰਧਕੀ ਕਮੇਟੀ ਰਾਹੀਂ ਵਜ਼ੀਫੇ ਵਿੱਚ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਬੁਹਕਰੋੜੀ ਘਪਲਿਆਂ ’ਚ ਸਰਕਾਰਾਂ ਦੀ ਸ਼ਮੂਲੀਅਤ ਨੂੰ ਉਜਾਗਰ ਕਰਦਾ ਹੈ। ਵੱਡੀ ਹੈਰਾਨੀ ਹੈ ਕਿ ਇਹ ਘਪਲੇ ਕਰਨ ਵਾਲਿਆਂ ਨੂੰ ਅਮਰਿੰਦਰ ਸਿੰਘ ਨੇ ਦੋਸ਼ ਮੁਕਤ ਕਰ ਦਿੱਤਾ ਗਿਆ ਹੈ, ਜੋ ਸਰਾਸਰ ਗਲਤ ਹੈ। ਇਸ ਸੰਘਰਸ਼ ਵਿਚ ਗੁਰੂ ਰਵਿਦਾਸ ਸਭਾ, ਭਗਵਾਨ ਵਾਲਮੀਕ ਜੀ ਅਤੇ ਡਾਕਟਰ ਅੰਬੇਡਕਰ ਜੱਥੇਬੰਦੀਆਂ ਨੇ ਸਮੂਲੀਅਤ ਕੀਤੀ। ਇਸ ਵਿੱਚ ਸ਼ਾਮਿਲ ਦਲੀਪ ਸਿੰਘ, ਸ਼ਰਨਜੀਤ ਸਿੰਘ, ਨੈਬ ਸਿੰਘ, ਖੇਮਚੰਦ, ਜਸਵਿੰਦਰ ਸਿੰਘ, ਸੁਰਜਣ ਸਿੰਘ, ਜਰਨੈਲ ਸਿੰਘ, ਚਰਨਜੀਤ ਸਿੰਘ, ਨਛੱਤਰ ਸਿੰਘ ਆਦਿ ਨੇ ਹਿੱਸਾ ਲਿਆ।
ਇਸੇ ਤਰ੍ਹਾਂ ਵੱਖ ਵੱਖ ਦਲਿਤ ਜਥੇਬੰਦੀਆਂ ਵੱਲੋਂ ਸੰਗਰੂਰ ਰੋਡ ’ਤੇ ਵੀ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਦੀ ਮੋਦੀ ਸਰਕਾਰ ਤੇ ਯੂ.ਪੀ. ਦੀ ਯੋਗੀ ਸਰਕਾਰ ਨੂੰ ਆੜੇ ਹੱਥੀਂ ਲਿਆ। ਸੰਕੇਤਕ ਤੌਰ ’ਤੇ ਪ੍ਰਦਰਸ਼ਨਕਾਰੀਆਂ ਨੇ ਰੋਡ ਜਾਮ ਵੀ ਕੀਤਾ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੀ ਅਨੁਸੂਚਿਤ ਜਾਤੀ ਮੋਰਚੇ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ’ਚ ਹੋਏ ਘਪਲੇ ਖ਼ਿਲਾਫ਼ ਪਾਰਟੀ ਦੇ ਰੋਸ ਪ੍ਰੋਗਰਾਮ ਦੇ ਸੱਦੇ ’ਤੇ ਰਾਜਪੁਰਾ ਰੋਡ ਪੁਰਾਣੀ ਚੁੰਗੀ ’ਤੇ ਸੰਕੇਤਕ ਰੋਡ ਜਾਮ ਕਰਕੇ ਰੋਸ ਪ੍ਰਰਦਸ਼ਨ ਕੀਤਾ। ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਸੰਬੋਧਨ ਕੀਤਾ। ਇਸ ਮੌਕੇ ਭੁਪੇਸ਼ ਅਗਰਵਾਲ, ਰਾਜ ਕੁਮਾਰ ਪਾਠੀ, ਸੀਮਾ ਸ਼ਰਮਾ, ਐਸ.ਕੇ.ਦੇਵ, ਮੰਗਾਂ ਸਿੰਘ ਸਾਕ, ਵਰੁਣ ਜਿੰਦਲ, ਬਿਕਰਮ ਭੱਲਾ, ਮਨੋਜ, ਵਰੁਣ ਗੋਇਲ,ਹਰਿੰਦਰ ਖੰਨਾ ਆਦਿ ਹਾਜਰ ਸਨ।