Protest: ਪੀੜਤ ਪਰਿਵਾਰ ਦੇ ਹੱਕ ’ਚ ਆਏ ਕਿਸਾਨ
ਝਗਡ਼ੇ ਮਗਰੋਂ ਨੌਜਵਾਨ ਦੀ ਹੋਈ ਸੀ ਮੌਤ; ਕਿਸਾਨ ਜਥੇਬੰਦੀਆਂ ਨੇ ਧਰਨੇ ਨੂੰ ਸਮਰਥਨ ਦਿੱਤਾ
ਗਲੀ ਵਿੱਚ ਪਏ ਕੂੜੇ ਕਾਰਨ ਤਕਰਾਰਬਾਜ਼ੀ ਦੇ ਚੱਲਦਿਆਂ ਹੋਏ ਝਗੜੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਦੀ ਹਸਪਤਾਲ ਵਿੱਚ ਹੋਈ ਮੌਤ ਮਗਰੋਂ ਪੁਲੀਸ ਵੱਲੋਂ ਨਗਰ ਕੌਂਸਲ ਪਾਤੜਾਂ ਦੀ ਕੌਂਸਲਰ ਦੇ ਪਤੀ ਸਣੇ ਚਾਰ ਨਾਮੀ ਅਤੇ ਅੱਠ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਰਿਵਾਰਿਕ ਮੈਂਬਰਾਂ ਨੇ ਸ਼ਹਿਰੀ ਪੁਲੀਸ ਚੌਕੀ ਪਾਤੜਾਂ ਸਾਹਮਣੇ ਦੋ ਦਿਨ ਪਹਿਲਾਂ ਸ਼ੁਰੂ ਕੀਤੇ ਗਏ ਅਣਮਿੱਥੇ ਸਮੇਂ ਦੇ ਧਰਨੇ ਦੇ ਸਮਰਥਨ ਵਿੱਚ ਕਿਸਾਨ ਜਥੇਬੰਦੀਆਂ ਆ ਗਈਆਂ ਹਨ। ਰੋਸ ਧਰਨੇ ਦੇ ਤੀਜੇ ਦਿਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਵਾਲੀ ਥਾਂ ਉੱਤੇ ਪਹੁੰਚ ਕੇ ਪੀੜਤ ਪਰਿਵਾਰ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।
ਪਰਿਵਾਰਿਕ ਮੈਂਬਰ ਸੁਰੇਸ਼ ਕੁਮਾਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ 1936 ਦੇ ਸੂਬਾ ਡਿਪਟੀ ਜਨਰਲ ਸਕੱਤਰ ਕੁਲਵੰਤ ਸਿੰਘ ਮੌਲਵੀਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਅਤੇ ਕਿਸਾਨ ਆਗੂ ਨਛੱਤਰ ਸਿੰਘ ਹਾਮਝੇੜੀ ਨੇ ਦੱਸਿਆ ਕਿ 13 ਜੁਲਾਈ ਨੂੰ ਹੋਏ ਝਗੜੇ ਤੋਂ ਹਫਤੇ ਬਾਅਦ ਨੌਜਵਾਨ ਹਰੀਸ਼ ਕੁਮਾਰ ਦੀ ਮੌਤ ਹੋ ਗਈ ਸੀ। ਪੁਲੀਸ ਨੇ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰੀ ਨਹੀਂ ਕੀਤੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤੇ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਨਾ ਸਿਰਫ ਜਾਰੀ ਰਹੇਗਾ ਸਗੋਂ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਜਿੰਦਲ, ਸੀਨੀਅਰ ਮੀਤ ਪ੍ਰਧਾਨ ਫਕੀਰ ਚੰਦ ਗੋਇਲ, ਸੂਬੇਦਾਰ ਨਰਾਤਾ ਸਿੰਘ, ਸੀ ਪੀ ਆਈ ਦੇ ਬਲਾਕ ਸਕੱਤਰ ਰਾਮ ਚੰਦ ਚੁਨਾਗਰਾ, ਅਮਰਜੀਤ ਸਿੰਘ ਦੁਗਾਲ ਹਾਜ਼ਰ ਸਨ।

