ਪੰਜਾਬੀ ਯੂਨੀਵਰਸਿਟੀ ’ਚ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ

ਪੰਜਾਬੀ ਯੂਨੀਵਰਸਿਟੀ ’ਚ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ

ਯੂਨੀਵਰਸਿਟੀ ’ਚ ਰੋਸ ਮਾਰਚ ਦੌਰਾਨ ਮੁਲਾਜ਼ਮਾਂ ਦਾ ਵਿਸ਼ਾਲ ਇੱਕਠ।

ਰਵੇਲ ਸਿੰਘ ਭਿੰਡਰ 

ਪਟਿਆਲਾ, 27 ਅਕਤੂਬਰ

ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸ਼ੀਏਸ਼ਨ, ਏ ਕਲਾਸ ਆਫ਼ਿਸਰਜ਼ ਐਸੋਸ਼ੀਏਸ਼ਨ, ਬੀਤੇਸੀ ਕਲਾਸ ਐਸੋਸੀਏਸ਼ਨ, ਪੈਨਸ਼ਨਰਜ਼ ਐਸੋਸ਼ੀਏਸ਼ਨ ਤੇ ਮੁਲਾਜ਼ਮਾਂ ਦੇ ਕਈ ਗਰੁੱਪਾਂ ਨੇ ਯੂਨੀਵਰਸਿਟੀ ਵਿੱਚ ਰੋਸ ਰੈਲੀ ਕੀਤੀ। ਇਹ ਰੈਲੀ ਯੂਨੀਵਰਸਿਟੀ ਖੁਦਮੁਖਤਿਆਰੀ, ਵਿੱਤੀ ਗ੍ਰਾਂਟ, ਤਨਖਾਹਾਂ ਤੇ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ ਤੇ ਵਿਦਿਆਰਥੀਆਂ ਦੀਆਂ ਫੀਸਾਂ ਦੇ ਇਜ਼ਾਫ਼ੇ ਖ਼ਿਲਾਫ਼ ਕੀਤੀ ਗਈ, ਜਿਸ ’ਚ ਅਧਿਆਪਕਾਂ, ਕਰਮਚਾਰੀਆਂ, ਪੈਨਸ਼ਨਰਾਂ ਤੋਂ ਇਲਾਵਾ ਵਿਦਿਆਰਥੀ ਜਥੇਬੰਦੀਆਂ ਨੇ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਰੋਸ ਰੈਲੀ ਦਾ ਆਗਾਜ਼ ਵਾਈਸ-ਚਾਂਸਲਰ ਦਫ਼ਤਰ ਤੋਂ ਪੰਜਾਬ ਸਰਕਾਰ ਤੇ ਵਾਈਸ-ਚਾਂਸਲਰ ਖ਼ਿਲਾਫ਼ ਨਾਅਰੇ ਮਾਰਦੇ ਹੋਏ ਆਰਟਸ ਬਲਾਕ ਤੋਂ ਸਾਇੰਸ ਬਲਾਕ ’ਚ ਹੁੰਦੇ ਹੋਏ ਵਾਈਸ-ਚਾਂਸਲਰ ਦਫ਼ਤਰ ਕੋਲ ਜਲਸੇ ਦੇ ਰੂਪ ’ਚ ਸਮਾਪਤ ਹੋਈ। ਰੈਲੀ ਦੌਰਾਨ ਏ ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਆਖਿਆ ਕਿ ਇਹ ਸੰਘਰਸ਼ ਉਨਾ ਚਿਰ ਜਾਰੀ ਰਹਿਣਗੇ ਜਿਨਾਂ ਚਿਰ ਸਰਕਾਰ ਯੂਨੀਵਰਸਿਟੀ ਨੂੰ ਵਿੱਤੀ ਗ੍ਰਾਂਟ ਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਨੂੰ ਬਹਾਲ ਨਹੀਂ ਕੀਤਾ ਜਾਂਦਾ। ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਇਹ ਸੰਘਰਸ਼ ਉਨਾਂ ਚਿਰ ਚਾਲੂ ਰਹਿਣਗੇ ਜਿਨਾਂ ਚਿਰ ਯੂਨੀਵਰਸਿਟੀ ਦੀ 1992 ਵਾਲੀ ਸਥਿਤੀ ਬਹਾਲ ਨਹੀਂ ਹੋ ਜਾਂਦੀ। ਉਨ੍ਹਾਂ ਆਖਿਆ ਕਿ ਸਰਕਾਰ ਜਿੰਨਾਂ ਮਰਜ਼ੀ ਜੋਰ ਲਾ ਲਵੇ ਇਸ ਯੂਨੀਵਰਸਿਟੀ ਦਾ ਨਿੱਜੀਕਰਨ ਨਹੀਂ ਕਰਨ ਦਿੱਤਾ ਜਾਵੇਗਾ। 

ਸਾਰੇ ਅਧਿਆਪਕ, ਮੁਲਾਜ਼ਮ, ਪੈਨਸ਼ਰ ਤੇ ਵਿਦਿਆਰਥੀ ਪੰਜਾਬ ਸਰਕਾਰ ਦੀਆਂ ਇਨਾਂ ਵਿੱਦਿਆ ਵਿਰੋਧੀ ਨੀਤੀਆਂ ਨੂੰ ਟੱਕਰ ਦੇਣ ਲਈ ਇਕਜੁੱਟ ਹਨ। ਪੂਟਾ ਦੇ ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ ਨੇ ਕਿਹਾ ਕਿ ਆਈਏਐਸ ਅਧਿਕਾਰੀਆਂ ਦੀ ਯੂਨੀਵਰਸਿਟੀ ਦੀ ਖੁਦਮੁਖਤਿਆਰੀ ’ਚ ਦਖਲਅੰਦਾਜ਼ੀ ਨੂੰ ਕਦੇ ਵੀ ਬਰਦਾਸ਼ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜੇ ਇਹ ਆਈਏਐੱਸ ਅਧਿਕਾਰੀ ਯੂਨੀਵਰਸਿਟੀ ਆਉਣਗੇ ਤਾਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾ ਕੇ ਯੂਨੀਵਰਸਿਟੀ ਗ੍ਰਾਂਟ ਬਾਰੇ ਪੁੱਛਿਆ ਜਾਵੇਗਾ। ਏ-ਕਲਾਸ ਦੇ ਜਨਰਲ ਸਕੱਤਰ  ਜਰਨੈਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਬਹਾਲ ਨਾ ਰੱਖੀ ਗਈ ਤਾਂ ਸਰਕਾਰ ਨੇ ਹੋਰ ਅਦਾਰਿਆਂ ਵਾਂਗ ਇਸ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੇ ਅਧਿਕਾਰਾਂ ਦਾ ਵੀ ਘਾਣ ਕਰ ਦੇਣਾ ਹੈ। 

ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਧਰਨਾ ਸ਼ੁਰੂ 

ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ  ਆਪਣੀਆਂ ਸੇਵਾਵਾਂ 12 ਮਹੀਨੇ ਕਰਵਾਉਣ ਤੇ ਪਿਛਲੇ ਸਾਲ ਤੋਂ ਰੁਕੀਆਂ ਤਨਖਾਹਾਂ ਰਿਲੀਜ਼ ਕਰਵਾਉਣ ਸਬੰਧੀ ਤੇ ਪਿਛਲੇ ਸੈਸ਼ਨ (2019-2020) ਦੀਆਂ ਰੁਕੀਆਂ ਤਨਖਾਹਾਂ ਜਲਦੀ ਰਿਲੀਜ਼ ਕਰਵਾਉਣ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਗਿਆ।  ਗੈਸਟ ਫੈਕਲਟੀ ਅਧਿਆਪਕਾਂ ਨਾਅਰੇਬਾਜੀ ਕਰਦੇ ਹੋਏ ਵੀਸੀ ਦਫਤਰ ਅੱਗੇ ਪੱਕਾ ਦਿਨ ਰਾਤ ਦਾ ਧਰਨਾ ਆਰੰਭ ਦਿੱਤਾ। ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਗੁਰਦਾਸ ਸਿੰਘ ਤੇ ਕਮੇਟੀ ਦੇ ਹੋਰ ਮੈਂਬਰ ਬਲਵਿੰਦਰ ਸਿੰਘ, ਅਮਨਦੀਪ ਸਿੰਘ, ਰਾਜੀਵਇੰਦਰ ਸਿੰਘ, ਕੁਲਵਿੰਦਰ ਸਿੰਘ, ਸ਼ਾਹਬਾਜ ਸਿੰਘ, ਰਾਮਪਾਲ ਸਿੰਘ, ਰਾਜਵੀਰ ਕੌਰ, ਕਰਮਜੀਤ ਕੌਰ, ਕਿਰਨਜੀਤ ਕੌਰ ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਜਦੋਂ ਤੱਕ ਯੂਨੀਵਰਸਿਟੀ ਅਥਾਰਟੀ ਮੰਗਾਂ ਲਿਖਤੀ ਰੂਪ ’ਚ ਨਹੀਂ ਮੰਨਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All