ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਗਸਤ
ਪੰਜਾਬੀ ਯੂਨੀਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਰਾਹੀਂ ਵੱਖ ਵੱਖ ਕੋਰਸਾਂ ਦੇ ਇਮਤਿਹਾਨ ਦੇਣ ਵਾਲ਼ੇ ਚਾਰ ਸੌ ਦੇ ਕਰੀਬ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੇ ਅੰਕ ਘੱਟ ਲਾਉਣ ਦੇ ਦੋਸ਼ਾਂ ਨੂੰ ਲੈ ਕੇ ਰੇੜਕਾ ਅਜੇ ਜਾਰੀ ਹੈ। ਇਸ ਸਬੰਧੀ ਵਿਦਿਆਰਥੀਆਂ ਵੱਲੋਂ ਅੱਜ ਵੀ ਧਰਨਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚੋਂ ਕਈਆਂ ਦੀ ਜ਼ੀਰੋ ਹੀ ਆਈ ਹੈ ਤੇ ਕਈ ਹੋਰਨਾਂ ਦੇ ਬਹੁਤ ਘੱਟ ਅੰਕ ਆਏ ਹਨ। ਵਿਦਿਆਰਥੀਆਂ ਦਾ ਤਰਕ ਹੈ ਕਿ ਉਨ੍ਹਾਂ ਦੇ ਪੇਪਰ ਚੰਗੀ ਤਰ੍ਹਾਂ ਚੈੱਕ ਨਹੀਂ ਕੀਤੇ ਗਏ ਜਿਸ ਤਹਿਤ ਉਨ੍ਹਾਂ ਦੀ ਮੰਗ ’ਤੇ ਪਿਛਲੇ ਦਿਨੀਂ ਯੂਨੀਵਰਸਿਟੀ ਵੱਲੋਂ ਬਿਨਾਂ ਫੀਸ ਲਿਆਂ, ਉਨ੍ਹਾਂ ਦੇ ਪੇਪਰਾਂ ਦਾ ਪੁਨਰ ਮੁਲਾਂਕਣ ਕਰਵਾਇਆ ਗਿਆ ਸੀ। ਇਸ ਦੌਰਾਨ ਕਈਆਂ ਦੇ ਅੰਕ ਵਧ ਗਏ ਸਨ ਪਰ ਨਾਲ਼ ਹੀ ਕੁਝ ਦੇ ਅੰਕ ਘਟ ਵੀ ਗਏ ਸਨ ਪਰ ਇਸ ਦੇ ਬਾਵਜੂਦ ਰੇੜਕਾ ਬਰਕਰਾਰ ਰਿਹਾ।
ਫੇਰ ਇਨ੍ਹਾਂ ਵਿਦਿਆਰਥੀਆਂ ਦੀ ਮੰਗ ’ਤੇ ਹੀ ਛੇ ਜਣਿਆਂ ਨੂੰ ਉਨ੍ਹਾਂ ਦੀਆਂ ਉਤਰ ਕਾਪੀਆਂ ਵੀ ਦਿਖਾਈਆਂ ਗਈਆਂ ਪਰ ਇਸ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੇ ਇਹ ਗੰਭੀਰ ਦੋਸ਼ ਵੀ ਲਾਇਆ ਕਿ ਇਨ੍ਹਾਂ ਛੇ ਜਣਿਆਂ ਵਿੱਚੋਂ ਇੱਕ ਬੱਚਾ ਤਾਂ ਅਜਿਹਾ ਹੈ, ਜਿਸ ਨੇ ਇਮਤਿਹਾਨ ਹੀ ਨਹੀਂ ਸੀ ਦਿੱਤਾ। ਇਸ ਦੇ ਬਾਵਜੂਦ ਉਸ ਨੂੰ ਵੀ ਉਤਰ ਕਾਪੀ ਸੌਂਪ ਦਿੱਤੀ। ਉਂਜ ਵਿਦਿਆਰਥੀਆਂ ਦੇ ਇਨ੍ਹਾਂ ਦੋਸ਼ਾਂ ਦੀ ਯੂਨੀਵਰਸਿਟੀ ਪੱਧਰ ’ਤੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਅਖੀਰ ਇਨ੍ਹਾਂ ਵਿਦਿਆਰਥੀਆਂ ਦੀ ਮੰਗ ’ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਸਮੁੱਚੇ ਮਾਮਲੇ ਦੀ ਜਾਂਚ ਲਈ ਅੱੱਜ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਨੂੰ ਜਲਦੀ ਹੀ ਆਪਣੀ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਸੰਪਰਕ ਕਰਨ ’ਤੇ ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਮਾਨ ਨੇ ਕਮੇਟੀ ਗਠਿਤ ਕੀਤੀ ਹੋਣ ਦੀ ਪੁਸ਼ਟੀ ਕੀਤੀ ਹੈ।