ਬਰਨਾਲਾ ’ਚ ਸਫਾਈ ਸੇਵਕਾਂ ’ਤੇ ਕੀਤੇ ਲਾਠੀਚਾਰਜ ਦੇ ਵਿਰਧ ’ਚ ਸੇਵਾਮੁਕਤ ਕਰਮਚਾਰੀ ਯੂਨੀਅਨ (ਨਗਰ ਨਿਗਮ) ਨੇ ਪ੍ਰਧਾਨ ਮਹਿੰਦਰ ਸਿੰਘ ਬਡੂੰਗਰ ਦੀ ਅਗਵਾਈ ਹੇਠ ਇਥੇ ਪੁਰਾਣੇ ਬੱਸ ਅੱਡੇ ਨੇੜੇ ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਦਾ ਪੁਤਲਾ ਫੂਕਿਆ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਜਵਾਬ ਮੁਲਾਜ਼ਮ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ।
ਘੰਟ ਗਿਣਤੀ ਦਲਿਤ ਫਰੰਟ ਦੇ ਆਗੂ ਜੋਗਿੰਦਰ ਸਿੰਘ ਪੰਛੀ, ਯੂਨੀਅਨ ਦੇ ਚੇਅਰਮੈਨ ਗੁਰਬਖਸ਼ ਸਿੰਘ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਪ੍ਰਤੀ ਸਰਕਾਰ ਦੀ ਮਨਸ਼ਾ ਸਾਫ ਨਹੀਂ ਹੈ। ਮੁਲਾਜ਼ਮ ਆਪਣੀ ਹੱਕੀ ਮੰਗਾਂ ਲਈ ਅਦਾਲਤਾਂ ਵਿੱਚ ਧੱਕੇ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ’ਚ ਆਪਣੇ ਹੱਕ ਖਾਤਰ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ’ਤੇ ਕੀਤੇ ਗਏ ਲਾਠੀਚਾਰਜ ਨੇ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਰੁਖ਼ ਸਪੱਸ਼ਟ ਕਰ ਦਿਤਾ ਹੈ। ਇਹ ਹੋਰ ਵੀ ਦੁਖਦਾਈ ਹੈ ਕਿ ਪੁਲੀਸ ਨੇ ਮਹਿਲਾ ਵਰਕਰਾਂ ’ਤੇ ਪਸ਼ੂਆਂ ਵਾਂਗੂ ਡਾਂਗਾਂ ਚਲਾਈਆਂ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਜ਼ਰੂਰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁਲਾਜ਼ਮਾਂ ਨੂੰ 42 ਫ਼ੀਸਦੀ ਡੀ ਏ ਦਿੱਤਾ ਜਾ ਰਿਹਾ ਹੈ, ਜੋ ਦੂਜੇ ਸੂਬਿਆਂ ਨਾਲੋਂ 18 ਫ਼ੀਸਦ ਘੱਟ ਹੈ। ਛੇਵੇ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨਾਲ ਮੁਲਾਜ਼ਮ ਵਰਗ ਅਦਾਲਤਾਂ ਵਿੱਚ ਜੂਝ ਰਿਹਾ ਹੈ। ਇਸ ਮੌਕੇ ਅਜੈਬ ਸਿੰਘ, ਪੁਸ਼ਪਿੰਦਰ ਪਾਠਕ, ਸੁਖਵਿੰਦਰ ਡਿੱਕੀ, ਹਰਚੰਦ ਸਿੰਘ, ਕਰਮ ਸਿੰਘ, ਸ਼ਾਮ ਲਾਲ, ਸੁਰਿੰਦਰ ਕੁਮਾਰ,ਚੰਦ ਸਿੰਘ, ਸੁਲਤਾਨ ਸਿੰਘ ਅਤੇ ਤੇਜਾ ਸਿੰਘ ਹਾਜ਼ਰ ਸਨ।

