
ਪਾਵਰਕੌਮ ਦਫ਼ਤਰ ਮੂਹਰੇ ਮੁਜ਼ਾਹਰਾ ਕਰਦੇ ਹੋਏ ਅਦਾਰੇ ਦੇ ਪੈਨਸ਼ਨਰ।
ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਦਸੰਬਰ
‘ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ’ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਕਾਲੇ ਚੋਲ਼ੇ ਪਾ ਕੇ ਪਾਵਰਕੌਮ ਮੈਨੇਜਮੈਂਟ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਦੀ ਅਗਵਾਈ ਕਰਦਿਆਂ, ਜਥੇਬੰਦੀ ਦੇ ਪ੍ਰਧਾਨ ਰਾਧੇ ਸ਼ਿਆਮ ਨੇ ਦੱਸਿਆ ਕਿ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਸਬੰਧੀ ਮੈਨੇਜਮੈਂਟ ਦੇ ਨਾਂਹ ਪੱਖੀ ਵਤੀਰੇੇ ਕਾਰਨ ਹੀ ਉਨ੍ਹਾਂ ਨੂੰ ਇਸ ਬੁਢਾਪੇ ’ਚ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਦੌਰਾਨ ਸੂਬਾਈ ਪ੍ਰਧਾਨ ਰਾਧੇ ਸ਼ਿਆਮ, ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ ਤੇ ਪ੍ਰੈਸ ਸਕੱਤਰ ਗੱਜਣ ਸਿੰਘ, ਚਮਕੌਰ ਸਿੰਘ, ਤਾਰਾ ਸਿੰਘ ਖਹਿਰਾ, ਕੇਵਲ ਸਿੰਘ, ਰਾਮ ਕੁਮਾਰ, ਐਸ.ਪੀ ਸਿੰਘ, ਜਗਦੇਵ ਵਾਹੀਆ, ਸੁਖਜੰਟ ਸਿੰਘ, ਪਾਲ ਸਿੰਘ ਮੁੰਡੀ, ਜਗਦੀਸ਼ ਰਾਣਾ, ਸੰਤੋਖ ਸਿੰਘ ਬੋਪਾਰਾਏ, ਰਜਿੰਦਰ ਸਿੰਘ, ਬ੍ਰਿਜ ਮੋਹਨ ਸ਼ਰਮਾ, ਗੁਰਮੇਲ ਨਾਹਰ, ਚਰਨ ਸਿੰਘ ਰਾਜਪੁਰਾ, ਮਲਕੀਤ ਕੌਰਜੀਵਾਲਾ ਆਦਿ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ।
ਉਨ੍ਹਾਂ ਦੱਸਿਆ ਕਿ ਡਿਵੈਲਪਮੈਂਟ ਫੰਡ ਦੀ ਹੁੰਦੀ ਕਟੌਤੀ ਬੰਦ ਕਰਵਾਉਣੀ, 5 ਲੱਖ ਐਕਸਗ੍ਰੇਸ਼ੀਆ ਸਬੰਧੀ ਸਰਕੂਲਰ, 23 ਸਾਲਾ ਪ੍ਰਮੋਸ਼ਨ ਸਕੇਲ, 01/01/2016 ਤੋਂ ਪਹਿਲਾਂ ਰਿਟਾਇਰੀਆਂ ’ਤੇ 2.59 ਦਾ ਗੁਣਾਂਕ, ਮੈਡੀਕਲ ਰਿਇੰਬਰਸਮੈਂਟ ਦੀ ਸਰਲ ਵਿਧੀ ਅਤੇ ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕਰਵਾਉਣਾ ਆਦਿ ਮੰਗਾਂ ਸ਼ਾਮਲ ਹਨ।
ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ
ਜਥੇਬੰਦੀ ਦੇ ਪ੍ਰੈਸ ਸਕੱਤਰ ਗੱਜਣ ਸਿੰਘ ਨੇ ਦੱਸਿਆ ਕਿ ਡਿਵੈਲਪਮੈਂਟ ਫੰਡ ਦੋ ਸੌ ਰੁਪਏ ਕੱਟਣ ਦੀ ਕਾਰਵਾਈ ਬੰਦ ਕਰਵਾਉਣ ਲਈ 25 ਦਸੰਬਰ ਤੱਕ ਪੰਜਾਬ ਭਰ ’ਚ ਐਕਸੀਅਨਾਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ। 10 ਦਸੰਬਰ ਤੋਂ 15 ਜਨਵਰੀ ਤੱਕ ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਨਾਲ ਮੰਗਾਂ ਸਬੰਧੀ ਮੁਲਾਕਾਤਾਂ ਹੋਣਗੀਆਂ। ਪਹਿਲੀ ਤੋਂ ਪੰਦਰਾਂ ਜਨਵਰੀ ਤੱਕ ਡਵੀਜ਼ਨ ਦਫਤਰਾਂ ਅੱਗੇ ਰੈਲੀਆਂ ਹੋਣਗੀਆਂ। 16 ਜਨਵਰੀ 16 ਫਰਵਰੀ ਤੱਕ ਸਰਕਲ ਕਨਵੈਨਸ਼ਨਜ਼ ਹੋਣਗੀਆਂ। ਜਦਕਿ ਮਾਰਚ ਦੇ ਪਹਿਲੇ ਹਫਤੇ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਸਾਹਮਣੇ ਵੱਡਾ ਮੁਜ਼ਾਹਰਾ ਕੀਤਾ ਜਾਵੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ