ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਅਕਤੂਬਰ
ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪੱਧਰ ’ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਸੀਮਾ ਸੁਰੱਖਿਆ ਬਲ ਬੀਐੱਸਐੱਫ਼ ਦੇ ਅਧਿਕਾਰ ਖੇਤਰ ’ਚ ਵਾਧਾ ਕਰਨ ’ਤੇ ਮੁਜ਼ਾਹਰੇ ਕੀਤੇ ਗਏ। ‘ਆਪ’ ਨੇ ਅੰਤਰਰਾਸ਼ਟਰੀ ਸਰਹੱਦ 15 ਕਿੱਲੋਮੀਟਰ ਤੋਂ ਵਧਾ ਕੇ 50 ਕਿੱਲੋਮੀਟਰ ਕਰਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਇੱਥੇ ਭਾਜਪਾ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ। ਸੂਬਾ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ, ਇੰਚਾਰਜ ਲੋਕ ਸਭਾ ਹਲਕਾ ਪਟਿਆਲਾ ਇੰਦਰਜੀਤ ਸੰਧੂ, ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਪ੍ਰਦਰਸ਼ਨ ਵਿਚ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕੇਂਦਰ ਦੀਆਂ ਕੋਝੀਆਂ ਚਾਲਾਂ ਸਾਰਿਆਂ ਦੇ ਸਾਹਮਣੇ ਆ ਰਹੀਆਂ ਹਨ। ਭਾਜਪਾ ਪੰਜਾਬ ਦੀ ਏਕਤਾ, ਸ਼ਾਂਤੀ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕੇਂਦਰ ਵਿਚ ਬੈਠੀ ਮੋਦੀ ਸਰਕਾਰ ਸਿਰਫ਼ ਲੋਕਾਂ ’ਤੇ ਆਪਣੇ ਹੁਕਮ ਥੋਪ ਰਹੀ ਹੈ ਲੋਕਾਂ ਦੀ ਗੱਲ ਨੂੰ ਬਿਲਕੁਲ ਵੀ ਨਹੀਂ ਸੁਣਿਆ ਜਾ ਰਿਹਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਹੁਣ ਕੇਂਦਰ ਦੀ ਰਾਹ ’ਤੇ ਚੱਲ ਪਏ ਹਨ, ਮੁੱਖ ਮੰਤਰੀ ਦਾ ਪੂਰਾ ਜ਼ੋਰ ਇਸ ਸਮੇਂ ਦੁਬਾਰਾ ਸੱਤਾ ਤੇ ਕਾਬਜ਼ ਹੋਣ ’ਤੇ ਲੱਗਾ ਹੋਇਆ ਹੈ ਜਿਸ ਨੂੰ ਲੋਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਚੇਤੰਨ ਸਿੰਘ ਜੋੜੇ ਮਾਜਰਾ, ਕੁੰਦਨ ਗੋਗੀਆ, ਬਲਜਿੰਦਰ ਸਿੰਘ ਢਿੱਲੋਂ ਫਨ ਵਰਲਡ, ਪ੍ਰਿੰਸੀਪਲ ਜੇ ਪੀ ਸਿੰਘ, ਨਵਤੇਜ ਸਿੰਘ ਪ੍ਰਿੰਸ, ਜਸਵੀਰ ਸਿੰਘ ਚਹਿਲ, ਪਰਵੀਨ ਛਾਬੜਾ, ਦੀਪਕ ਸੂਦ, ਰਾਜਿੰਦਰ ਮੋਹਨ ਸ਼ਰਮਾ, ਅਮਰਜੀਤ ਭਾਟੀਆ, ਬਲਵਿੰਦਰ ਕੌਰ ਰਾਜਪੁਰਾ ਆਦਿ ਹਾਜ਼ਰ ਸਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਚੰਨੀ ਦੇ ਪੁਤਲੇ ਫ਼ੂਕੇ
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਵਲੋਂ ਬੀ.ਐਸ.ਐਫ਼ ਦੇ ਅਧਿਕਾਰ ਖੇਤਰ ਵਿਚ ਵਾਧਾ ਕਰਨ ਦੇ ਵਿਰੋਧ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਫੈਸਲੇ ਨੂੰ ਸਰਹੱਦੀ ਖੇਤਰ ਪੰਜਾਬ ਵਿਚ ਧੋਖਾ ਕਰਾਰ ਦਿੰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਪਾਰਟੀ ਆਗੂ ਦਿਨੇਸ਼ ਬਾਂਸਲ, ਅਵਤਾਰ ਸਿੰਘ ਈਲਵਾਲ, ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ, ਚਰਨਜੀਤ ਚੰਨੀ ਆਦਿ ਮੌਜੂਦ ਸਨ।