
ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਿੰਘ ਸੰਗਤਪੁਰਾ। -ਫੋਟੋ: ਭਾਰਦਵਾਜ
ਪੱਤਰ ਪ੍ਰੇਰਕ
ਲਹਿਰਾਗਾਗਾ, 20 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਨੇ ਪੈਂਡੂ ਡਾਕਟਰਾਂ ਦੀ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਧਰਨੇ ਦੀ ਹਮਾਇਤ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਐੱਸਐੱਮਓ ਵੱਲੋਂ ਪਿੰਡਾਂ ’ਚ ਦਹਾਕਿਆਂ ਤੋਂ ਪਰੈਕਟਿਸ ਕਰ ਰਹੇ ਪੈਂਡੂ ਆਰਐੱਮਪੀ ਡਾਕਟਰਾਂ ਦੀਆਂ ਦੁਕਾਨਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਪਿੰਡ ਭਾਈ ਕੀ ਪਿਸ਼ੌਰ ਵਿੱਚ ਪਿਛਲੇ ਦਿਨਾਂ ਵਿੱਚ ਦੋ ਤਿੰਨ ਦੁਕਾਨਾਂ ’ਤੇ ਛਾਪੇ ਮਾਰੇ ਗਏ ਜਦੋਂ ਕਿ ਛਾਪੇ ਦੌਰਾਨ ਉਨ੍ਹਾਂ ਦੁਕਾਨਾਂ ਤੋਂ ਕੋਈ ਨਸ਼ੀਲੀ ਜਾ ਬੇਲੋੜੀ ਦਵਾਈ ਬਰਾਮਦ ਨਹੀਂ ਹੋਈ। ਪ੍ਰੰਤੂ ਪੇਂਡੂ ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮੁੱਢਲੀ ਸਿਹਤ ਸਹੂਲਤਾਂ ਦੇ ਰਹੇ ਨੌਜਵਾਨਾਂ ਨੇ ਆਪਣਾ ਰੁਜ਼ਗਾਰ ਲੱਭਿਆ ਹੈ ਪਰ ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦੇਣ ਅਤੇ ਮਾਨਤਾ ਦੇਣ ਦੀ ਬਜਾਏ ਅਜਿਹੀਆਂ ਕਾਰਵਾਈਆਂ ਕਰ ਕੇ ਉਨ੍ਹਾਂ ਤੋਂ ਰੁਜ਼ਗਾਰ ਖੋਹ ਰਹੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਪੇਂਡੂ ਡਾਕਟਰਾਂ ਨੂੰ ਤੰਗ ਕਰਨਾ ਬੰਦ ਕਰੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ