ਵਜ਼ੀਫਾ ਘੁਟਾਲੇ ਸਬੰਧੀ ਧਰਮਸੋਤ ਖ਼ਿਲਾਫ਼ ਰੋਸ ਮੁਜ਼ਾਹਰਾ

ਭ੍ਰਿਸ਼ਟਚਾਰ ਦੇ ਦੋਸ਼ਾਂ ਘਿਰੇ ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ: ਆਪ ਆਗੂ

ਵਜ਼ੀਫਾ ਘੁਟਾਲੇ ਸਬੰਧੀ ਧਰਮਸੋਤ ਖ਼ਿਲਾਫ਼ ਰੋਸ ਮੁਜ਼ਾਹਰਾ

ਨਾਭਾ ’ਚ ‘ਆਪ’ ਵੱਲੋਂ ਮੰਤਰੀ ਧਰਮਸੋਤ ਖ਼ਿਲਾਫ਼ ਕੀਤੇ ਮੁਜ਼ਾਹਰੇ ਦੌਰਾਨ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਤੇ ਹੋਰ ਆਗੂ।

ਹਰਵਿੰਦਰ ਕੌਰ ਨੌਹਰਾ

ਨਾਭਾ, 27 ਅਕਤੂਬਰ

ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜੀਫਾ ਫੰਡ ਘੁਟਾਲੇ ਸਬੰਧੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਕਲੀਨ ਚਿੱਟ ਵਿਰੁੱਧ ਅੱਜ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਮੇਘ ਚੰਦ ਸ਼ੇਰਮਾਜਰਾ ਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਗਾਂਧੀ ਦੀ ਅਗਵਾਈ ਹੇਠ ਅੱਜ ਮੰਤਰੀ ਦੀ ਰਿਹਾਇਸ ਨੇੜੇ ਇਕੱਠੇ ਹੋ ਕੇ ਵੱਡੀ ਗਿਣਤੀ ’ਚ ਆਪ ਵਾਲੰਟੀਅਰਾਂ ਨੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਤੇ ਮੰਤਰੀ ਦੀ ਰਿਹਾਇਸ਼ ਤੋਂ ਪਟਿਆਲਾ ਗੇਟ ਤੱਕ ਰੋਸ ਮਾਰਚ ਕਰਕੇ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਤੇ ਪਟਿਆਲਾ ਗੇਟ ’ਚ ਮੰਤਰੀ ਧਰਮਸੋਤ ਦਾ ਪੁਤਲਾ ਸਾੜਿਆ ਗਿਆ।

ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ, ਸੂਬਾ ਕੈਸੀਅਰ ਨੀਨਾ ਮਿੱਤਲ, ਡਾ. ਬਲਵੀਰ ਸਿੰਘ, ਕਰਨਵੀਰ ਸਿੰਘ ਟਿਵਾਣਾ, ਹਲਕਾ ਆਗੂ ਜੱਸੀ ਸੋਹੀਆਂ ਵਾਲਾ ਆਦਿ ਨੇ ਕਿਹਾ ਕਿ ਵਜੀਫਾ ਫੰਡ ਘੁਟਾਲੇ ’ਚ ਪੰਜਾਬ ਦੇ ਮੁੱਖ ਮੰਤਰੀ ਰਾਜਾ ਅਮਰਿੰਦਰ ਸਿੰਘ ਨੇ ਇਸ ਘੁਟਾਲੇ ਦੀ ਹਾਈ ਕੋਰਟ ਦੇ ਕਿਸੇ ਜੱਜ ਦੀ ਅਗਵਾਈ ਹੇਠ ਨਿਰਪੱਖ ਜਾਂਚ ਕਰਵਾਉਣ ਦੀ ਬਜਾਏ ਉਲਟਾ ਸਰਕਾਰ ਦੇ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਖਾਨਾਪੂਰਤੀ ਲਈ ਕਰਵਾਈ ਜਾਂਚ ’ਚ ਮੰਤਰੀ ਨੂੰ ਕਲੀਨ ਚਿੱਟ ਦੇ ਕੇ ਉਸ ਨੂੰ ਦੁੱਧ ਧੋਤਾ ਸਾਬਤ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਵਜੀਫਾ ਫੰਡ ਘੁਟਾਲੇ ਦੀ ਨਿਰਪੱਖ ਜਾਂਚ ਤੋਂ ਕੈਪਟਨ ਅਮਰਿੰਦਰ ਸਿੰਘ ਕਿਉਂ ਭੱਜ ਰਹੇ ਹਨ। ਆਪ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਧਰਮਸੋਤ ਨੂੰ ਮੰਤਰੀ ਪਦ ਤੋਂ ਲਾਂਭੇ ਨਹੀਂ ਕੀਤਾ ਜਾਂਦਾ ਤੇ ਉਸ ਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ।

ਉਨ੍ਹਾਂ ਕਿਹਾ ਕਿ ਧਰਮਸੋਤ ਵੱਲੋਂ ਜੰਗਲੀ ਜੀਵ ਜ਼ਮੀਨ ਦੀ ਖਰੀਦ ਵਿੱਚ ਹੋਏ ਘਪਲੇ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਧਰਮਸੋਤ ਨੇ ਕੈਪਟਨ ਅਮਰਿੰਦਰ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਕੀਤੀ ਹੈ, ਬਹੁਤ ਦੁਖਦਾਈ ਹੈ। ਇਸ ਲਈ ਵੀ ਮੰਤਰੀ ਨੂੰ ਸਮੁੱਚੀ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All