ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 11 ਅਪਰੈਲ
ਮਰਹੂਮ ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ ਇਥੇ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸ਼ਿਰਕਤ ਦੌਰਾਨ ਜ਼ੋਰ ਦਿੱਤਾ ਕਿ ਮਰਹੂਮ ਪ੍ਰੋ. ਗਰੇਵਾਲ ਦੀ ਯਾਦ ’ਚ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਸਿਮਰਤੀ ਗ੍ਰੰਥ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮਾਣਮੱਤੇ ਲੇਖਕ ਦੀ ਸਦੀਵੀ ਯਾਦ ਤਾਜ਼ਾ ਰਹਿ ਸਕੇ। ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਆਖਿਆ ਕਿ ਗਰੇਵਾਲ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਹੈ। ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਗਮੀਤ ਸਿੰਘ ਬਰਾੜ ਨੇ ਪ੍ਰੋ. ਗਰੇਵਾਲ ਵੱਲੋਂ ਪੰਜਾਬੀ ਲੋਕ ਗਥਾਵਾਂ ਦੇ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਪ੍ਰੋ. ਰਾਜਿੰਦਰਪਾਲ ਸਿੰਘ ਵਾਲੀਆ ਨੇ ਆਖਿਆ ਕਿ ਗਰੇਵਾਲ ਦੇ ਲੋਕ ਕਵੀ ਹੋਣ ਪਿੱਛੇ ਤਕੜੀ ਮੁਸ਼ੱਕਤ ਛੁਪੀ ਹੋਈ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ’ਚ ਪ੍ਰੋਫੈਸਰ ਤੋਂ ਡੀਨ ਪਦ ਤੱਕ ਜ਼ਿੰਮੇਵਾਰੀਆਂ ਅਦਾ ਕੀਤੀਆਂ। ਡਾ. ਦਰਸ਼ਨ ਸਿੰਘ ਆਸ਼ਟ ਨੇ ਗਰੇਵਾਲ ਦੇ ਪੰਜਾਬੀ ਸਾਹਿਤ ਸਭਾ ਤੇ ਪੰਜਾਬੀ ਲੋਕ ਕਵਿਤਾ ਪ੍ਰਤੀ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਸਮਾਗਮ ’ਚ ਐੱਸਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਜਗਜੀਤ ਸਿੰਘ ਦਰਦੀ ਸਮੇਤ ਹੋਰ ਸਨੇਹੀਆਂ ਤੇ ਪਰਿਵਾਰਕ ਜੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਡਾ. ਗੁਰਨਾਮ ਸਿੰਘ ਨੇ ਕੀਰਤਨ ਕੀਤਾ ਜਦੋਂ ਕਿ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਕੀਤੀ।