DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Prisoners Rakhi Celebration: ਜੇਲ੍ਹ ’ਚ ਭਾਵੁਕ ਤੇ ਪਰਿਵਾਰਕ ਮਾਹੌਲ ’ਚ ਰੱਖੜੀ ਦਾ ਤਿਉਹਾਰ ਮਨਾਇਆ

ਪੁਲੀਸ ਵੱਲੋਂ ਖ਼ਾਸ ਪ੍ਰਬੰਧ; ਸਵੇਰੇ ਅੱਠ ਵਜੇ ਸ਼ੁਰੂ ਹੋਈ ਵਿਸ਼ੇਸ਼ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਸੰਗਰੂਰ ਜੇਲ੍ਹ ਵਿੱਚ ਆਪਣੇ ਭਰਾਵਾਂ ਦੇ ਰੱਖੜੀਆਂ ਬੰਨ੍ਹਦੀਆਂ ਹੋਈਆਂ ਭੈਣਾਂ।
Advertisement

ਕੇਂਦਰੀ ਜੇਲ੍ਹ ਪਟਿਆਲਾ ਵਿੱਚ ਅੱਜ ਰੱਖੜੀ ਦਾ ਤਿਉਹਾਰ ਭਾਵੁਕ ਅਤੇ ਪਰਿਵਾਰਕ ਮਾਹੌਲ ਵਿੱਚ ਮਨਾਇਆ ਗਿਆ। ਜੇਲ੍ਹ ਵਿਭਾਗ ਵੱਲੋਂ ਬੰਦੀਆਂ ਦੀਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਲਈ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੀਆਂ। ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਮੌਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਭੈਣਾਂ ਲਈ ਰੱਖੜੀਆਂ ਤੇ ਮਠਿਆਈਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਗੁਰਚਰਨ ਧਾਲੀਵਾਲ ਨੇ ਦੱਸਿਆ ਕਿ ਅੱਜ ਕੇਂਦਰੀ ਜੇਲ੍ਹ ਵਿੱਚ 600 ਰੱਖੜੀਆਂ ਬੰਨ੍ਹੀਆਂ ਗਈਆਂ। ਜੇਲ੍ਹ ਵਿੱਚ ਬੰਦ ਭਰਾਵਾਂ ਤੋਂ ਇਲਾਵਾ ਮਹਿਲਾ ਬੰਦੀਆਂ ਨੂੰ ਵੀ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਦਾ ਵਿਸ਼ੇਸ਼ ਮੌਕਾ ਦਿੱਤਾ ਗਿਆ। ਸਵੇਰੇ 8 ਵਜੇ ਸ਼ੁਰੂ ਹੋਈ ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਮੁਲਾਕਾਤ ਤੋਂ ਵਾਂਝਾ ਨਹੀਂ ਰੱਖਿਆ ਗਿਆ।

ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਜੇਲ੍ਹ ਵਿਚ ਕੈਦੀਆਂ ਅਤੇ ਬੰਦੀਆਂ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਅੱਜ ਰੱਖੜੀ ਦੇ ਤਿਉਹਾਰ ਮੌਕੇ ਜੇਲ੍ਹ ਵਿਚ ਬੰਦ ਆਪਣੇ ਭਰਾਵਾਂ ਲਈ ਭੈਣਾਂ ਰੱਖੜੀ ਲੈ ਕੇ ਪੁੱਜੀਆਂ ਅਤੇ ਜੇਲ੍ਹ ਵਿਚ ਬੰਦ ਭੈਣਾਂ ਕੋਲੋਂ ਰੱਖੜੀ ਬੰਨਵਾਉਣ ਲਈ ਭਰਾ ਵੀ ਪੁੱਜੇ। ਸਾਰਾ ਦਿਨ ਜ਼ਿਲ੍ਹਾ ਜੇਲ੍ਹ ਦੀ ਡਿਊਢੀ ਵਿਚ ਵਿਆਹ ਵਰਗਾ ਮਾਹੌਲ ਸੀ। ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਮੁਲਾਕਾਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਅੱਜ 277 ਮੁਲਾਕਾਤਾਂ ਹੋਈਆਂ ਹਨ।

Advertisement

ਪੱਕੇ ਮੋਰਚੇ ’ਤੇ ਭੱਠਾ ਮਜ਼ਦੂਰਾਂ ਦੇ ਭੈਣਾਂ ਨੇ ਰੱਖੜੀਆਂ ਬੰਨ੍ਹੀਆਂ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ):ਭੱਠਾ ਮਜ਼ਦੂਰਾਂ ਦੇ ਬਣਦੇ ਕਾਨੂੰਨੀ ਹੱਕ ਅਤੇ ਸਰਕਾਰੀ ਉਜਰਤਾਂ ਲਾਗੂ ਕਰਵਾਉਣ ਲਈ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਵੱਲੋਂ ਡੀ ਸੀ ਦਫ਼ਤਰ ਸੰਗਰੂਰ ਅੱਗੇ ਲਾਇਆ ਪੱਕਾ ਮੋਰਚਾ ਅੱਜ 53ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਰੱਖੜੀ ਦੇ ਤਿਉਹਾਰ ਮੌਕੇ ਮੋਰਚੇ ‘ਤੇ ਭੱਠਾ ਮਜ਼ਦੂਰਾਂ ਦੀਆਂ ਭੈਣਾਂ ਨੇ ਆਪਣੇ ਭਰਾਵਾਂ ਦੇ ਹੱਥਾਂ ‘ਤੇ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਦੇ ਸੰਘਰਸ਼ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਿਸਾਨ-ਮਜ਼ਦੂਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਿਲਵਰ ਖਾਂ ਨੇ ਕਿਹਾ ਕਿ ਮਜ਼ਦੂਰ ਆਪਣੇ ਬਣਦੇ ਕਾਨੂੰਨੀ ਹੱਕ ਹਾਸਲ ਕੀਤੇ ਬਿਨਾਂ ਮੋਰਚੇ ਤੋਂ ਪਿੱਛੇ ਨਹੀਂ ਹਟਣਗੇ।

ਨਸ਼ਾ ਮੁਕਤੀ ਕੇਂਦਰ ’ਚ ਭੈਣਾਂ ਨੇ ਭਰਾਵਾਂ ਦੇ ਰੱਖੜੀਆਂ ਬੰਨ੍ਹੀਆਂ

ਪਟਿਆਲਾ (ਰਵੇਲ ਸਿੰਘ ਭਿੰਡਰ): ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਲਈ ਦਾਖਲ ਕਰੀਬ 50 ਵਿਅਕਤੀਆਂ ਦੇ ਭੈਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਰੱਖੜੀ ਬੰਨ੍ਹ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਜੀਵਨ ਜਿਊਣ ਦਾ ਸੁਨੇਹਾ ਦਿੱਤਾ। ਇਸ ਮੌਕੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤ ਹੋਏ ਵਿਅਕਤੀ, ਜਿਨ੍ਹਾਂ ਨੂੰ ‘ਸੂਰਮਿਆਂ’ ਦਾ ਨਾਮ ਦਿੱਤਾ ਗਿਆ ਹੈ, ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ| ਇਸੇ ਦੌਰਾਨ ਨਸ਼ਾ ਮੁਕਤੀ ਮੋਰਚੇ ਦੇ ਆਗੂ ਯਾਦਵਿੰਦਰ ਸਿੰਘ ਸੰਧੂ ਗੋਲਡੀ (ਮੋਰਚਾ ਇੰਚਾਰਜ, ਪਟਿਆਲਾ ਦਿਹਾਤੀ) ਅਤੇ ਸਰਵ ਪ੍ਰੇਮ ਐੱਨ ਜੀ ਓ ਦੇ ਨੁਮਾਇੰਦਿਆਂ ਨੇ ਵੀ ਰੱਖੜੀ ਦੇ ਤਿਉਹਾਰ ਮੌਕੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਨਾ ਕਰਨ ਦਾ ਸੱਦਾ ਦਿੱਤਾ। ਗੋਲਡੀ ਸੰਧੂ ਲਾਦੇਨ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਰਾਜਿੰਦਰਾ ਹਸਪਤਾਲ ਦੇ ਮਨੋਰੋਗ ਵਿਭਾਗ ਦੇ ਮੁਖੀ ਡਾ. ਰਜਨੀਸ਼ ਰਾਜ ਅਤੇ ਮਾਡਲ ਨਸ਼ਾ ਮੁਕਤੀ ਕੇਂਦਰ ਦੇ ਇੰਚਾਰਜ ਡਾ. ਰੋਹਿਤ ਗਰਗ ਨੇ ਇਲਾਜ ਲਈ ਦਾਖਲ ਵਿਅਕਤੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ।

Advertisement
Advertisement
×