
ਡੀਸੀ ਨੂੰ ਮੰਗ ਪੱਤਰ ਸੌਂਪਣ ਮੌਕੇ ਪ੍ਰਨੀਤ ਕੌਰ ਤੇ ਹੋਰ।
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਮਈ
ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਦੇ ਮੇਅਰ ਅਤੇ ਕੌਂਸਲਰਾਂ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਤੋਂ ਵਿਕਾਸ ਫੰਡ ਵਾਪਸ ਲੈਣ ਦੇ ਹੁਕਮਾਂ ਦੀ ਨਿੰਦਾ ਕਰਦਿਆਂ, ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਰਾਹੀਂ ਸਰਕਾਰ ਨੂੰ ਮੰਗ ਪੱਤਰ ਦਿੱਤਾ। ਪ੍ਰਨੀਤ ਕੌਰ ਨੇ ਅਜਿਹੀ ਕਾਰਵਾਈ ਨੂੰ ਪਟਿਆਲਾ ਵਾਸੀਆਂ ਨਾਲ ਵਿਤਕਰੇ ਭਰਪੂਰ ਕਾਰਵਾਈ ਗਰਦਾਨਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ 10 ਮਈ ਨੂੰ ਦਿੱਤੇ ਹੁਕਮ ਰਾਹੀਂ ਕੈਪਟਨ ਸਰਕਾਰ ਵੱਲੋਂ ਨਗਰ ਨਿਗਮ ਨੂੰ ਅਲਾਟ ਕੀਤੇ 13.98 ਕਰੋੜ ਦੇ ਵਿਕਾਸ ਫੰਡਾਂ ਨੂੰ ਰੋਕ ਕੇ ਸਰਕਾਰ ਨੂੰ ਵਾਪਸ ਕਰਨ ਲਈ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫੰਡ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਦਿੱਤੇ ਗਏ ਸਨ ਜਿਨ੍ਹਾਂ ਦੇ ਟੈਂਡਰ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ ਅਤੇ ਵਰਕ ਆਰਡਰ ਵੀ ਪਾਸ ਕੀਤੇ ਜਾ ਚੁੱਕੇ ਹਨ। ਜੇਕਰ ਇਹ ਕੰਮ ਮੁਕੰਮਲ ਨਾ ਹੋਏ, ਤਾਂ ਪਟਿਆਲੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਪ੍ਰਨੀਤ ਕੌਰ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਬਦਲੇ ਦੀ ਰਾਜਨੀਤੀ ਨਾ ਕਰਨ ਅਤੇ ਇਹ ਫੰਡ ਤੁਰੰਤ ਜਾਰੀ ਕਰਨ। ਇਸ ਮੌਕੇ ਉਨ੍ਹਾਂ ਦੀ ਧੀ ਅਤੇ ਜਾਟ ਮਹਾਸਭਾ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਜੈ ਇੰਦਰ ਕੌਰ ਅਤੇ ਮੇਅਰ ਸੰਜੀਵ ਬਿੱਟੂ, ਪੀਐੱਲਸੀ ਦੇ ਜ਼ਿਲ੍ਹਾ ਪ੍ਰਧਾਨ ਕੇ. ਮਲਹੋਤਰਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ, ਡਿਪਟੀ ਮੇਅਰ ਵਿੰਤੀ ਸੰਗਰ, ਪੀ.ਐਲ.ਸੀ. ਦੇ ਬਲਾਕ ਪ੍ਰਧਾਨ ਵੇਦ ਪਰਸ, ਵਿਜੇ ਕੂਕਾ, ਨੰਦ ਲਾਲ ਗੁਰਾਬਾ, ਸੁਰਿੰਦਰ ਵਾਲੀਆ, ਸੋਨੂੰ ਸੰਗਰ, ਕਰਣ ਗੌੜ, ਅਨੁਜ ਖੋਸਲਾ, ਨਿਖਿਲ ਕਾਕਾ, ਸੰਦੀਪ ਮਲਹੋਤਰਾ, ਹੈਪੀ ਵਰਮਾ ਆਦਿ ਵੀ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ