ਰਾਜਪੁਰਾ ਤੇ ਘਨੌਰ ਵਿੱਚ ਦੁਕਾਨਾਂ ਬੰਦ ਰੱਖਣ ਨੂੰ ਤਰਜੀਹ

ਰਾਜਪੁਰਾ ਤੇ ਘਨੌਰ ਵਿੱਚ ਦੁਕਾਨਾਂ ਬੰਦ ਰੱਖਣ ਨੂੰ ਤਰਜੀਹ

ਲੌਕਡਾਊਨ ਦੌਰਾਨ ਬੰਦ ਪਈ ਸ਼ਹਿਰ ਦੀ ਗਿਆਨੀ ਜੈਲ ਸਿੰਘ ਮਾਰਕੀਟ।

ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਸੰਯੁਕਤ ਕਿਸਾਨ ਮੋਰਚੇ ਵੱਲੋਂ ਹਫ਼ਤਾਵਰੀ ਲੌਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੇ ਸੱਦੇ ਨੂੰ ਰਾਜਪੁਰਾ ਸ਼ਹਿਰ ਅਤੇ ਕਸਬਾ ਘਨੌਰ ਦੇ ਦੁਕਾਨਦਾਰਾਂ ਨੇ ਅਣਗੋਲਿਆਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਆਪਣੀਆਂ ਦੁਕਾਨਾਂ ਬੰਦ ਰੱਖੀਆ। ਸ਼ਹਿਰ ਵਿੱਚ ਕੇਵਲ ਸਿਹਤ ਸਹੂਲਤਾਂ ਨਾਲ ਸਬੰਧਤ ਸੇਵਾਵਾਂ ਹੀ ਚਾਲੂ ਰਹੀਆ। ਬੀ.ਕੇ.ਯੂ ਏਕਤਾ (ਸਿੱਧੂਪੁਰ) ਦੇ ਸੂਬਾਈ ਆਗੂ ਹਰਜੀਤ ਸਿੰਘ ਟਹਿਲਪੁਰਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਦੁਕਾਨਦਾਰਾਂ ਨਾਲ ਲੌਕਡਾਊਨ ਦੌਰਾਨ ਸ਼ਨੀਵਾਰ ਨੂੰ ਦੁਕਾਨਾਂ ਖੋਲ੍ਹਣ ਸਬੰਧੀ ਸਲਾਹ ਮਸ਼ਵਰਾ ਕੀਤਾ ਗਿਆ ਸੀ ਪਰ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਦੁਕਾਨਦਾਰਾਂ ਵੱਲੋਂ ਪੁਲੀਸ ਦੀ ਸਖ਼ਤੀ ਕਾਰਨ ਦੁਕਾਨਾਂ ਬੰਦ ਰੱਖਣ ਨੂੰ ਤਰਜੀਹ ਦਿੱਤੀ ਗਈ।

ਹਫ਼ਤੇ ਦੇ ਪੰਜ ਦਿਨ ਦੁਕਾਨਾਂ ਖੋਲ੍ਹਣ ਦੀ ਮੰਗ

ਇਥੋਂ ਦੀ ਮੋਬਾਈਲ ਤੇ ਇਲੈਕਟ੍ਰਾਨਿਕਸ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਬੰਦ ਦੁਕਾਨਾਂ ਨੂੰ ਹੋਰਾਂ ਦੁਕਾਨਾਂ ਦੀ ਤਰਜ ’ਤੇ ਹਫ਼ਤੇ ਦੇ ਪੰਜ ਦਿਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਐਸੋਸੀਏਸ਼ਨ ਦੇ ਆਗੂਆਂ ਵਰੂਣ ਕੁਮਾਰ, ਮਨੋਜ ਕੁਮਾਰ, ਸੰਜੀਵ ਧੰਮੀ ਅਤੇ ਯੋਗੇਸ਼ ਕੱਕੜ ਸਮੇਤ ਹੋਰਾਂ ਨੇ ਪੰਜਾਬ ਸਰਕਾਰ ਦੁਆਰਾ ਕਰੋਨਾ ਦੀ ਰੋਕਥਾਮ ਨੂੰ ਲੈ ਕੇ ਉਨ੍ਹਾਂ ਦੀਆਂ ਬੰਦ ਦੁਕਾਨਾਂ ਨੁੂੰ ਗੈਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਦੱਸ ਕੇ 10 ਮਈ ਤੋਂ ਹਰ ਹਫਤੇ ਸੋਮਵਾਰ ਅਤੇ ਸ਼ੁੱਕਰਵਾਰ ਹਫਤੇ ਵਿੱਚ ਕੇਵਲ ਦੋ ਦਿਨ ਸਵੇਰੇ 9 ਤੋਂ ਸ਼ਾਮ ਨੂੰ 5 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਜਿਹੜਾ ਕਿ ਦੁਕਾਨਦਾਰਾਂ ਨਾਲ ਸਰਾਸਰ ਧੱਕਾ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਐੱਸ.ਡੀ.ਐੱਮ ਰਾਜਪੁਰਾ ਖੁਸ਼ਦਿਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ’ਤੇ ਰੋਕਥਾਮ ਸਬੰਧੀ ਜਾਰੀ ਗਾਈਡਲਾਈਨਜ਼ ਮੁਤਾਬਕ ਹੀ ਸੋਮਵਾਰ ਤੋਂ ਰਾਜਪੁਰਾ ਵਿੱਚ ਦੁਕਾਨਾਂ ਖੁੱਲ੍ਹ ਸਕਣਗੀਆਂ।

ਕਿਸਾਨਾਂ ਵੱਲੋਂ ਪਾਤੜਾਂ ਸ਼ਹਿਰ ਵਿੱਚ ਵਿਸ਼ਾਲ ਰੋਸ ਮਾਰਚ

ਪਾਤੜਾਂ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ ਕਿਸਾਨ।

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਦਿੱਲੀ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਨ ਅਤੇ ਕਿਰਤੀ ਮਾਰੂ ਲੌਕਡਾਊਨ ਪਾਬੰਦੀਆਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਾਤੜਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੌਰਾਨ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹ ਕੇ ਪੰਜਾਬ ਸਰਕਾਰ ਦੀਆਂ ਬੇਲੋੜੀਆਂ ਕਰੋਨਾ ਬੰਦਿਸ਼ਾਂ ਦੇ ਫੁਰਮਾਨ ਖ਼ਿਲਾਫ਼ ਡਟਣ ਦਾ ਹੋਕਾ ਦਿੱਤਾ ਗਿਆ। ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕੁਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਪਿੰਡਾਂ ’ਚੋਂ ਪਹੁੰਚੇ ਸੈਂਕੜੇ ਕਿਸਾਨਾਂ ਨੇ ਤਿੱਖੀ ਦੁਪਹਿਰ ਵਿੱਚ ਦੋ ਘੰਟੇ ਧਰਨਾ ਲਾ ਕੇ ਰੋਹ ਭਰਪੂਰ ਮੁਜ਼ਾਹਰਾ ਕੀਤਾ।

ਦੁਕਾਨਾਂ ਬੰਦ ਰੱਖਣ ਦਾ ਮਤਲਬ ਬੰਦ ਨੂੰ ਸਮਰਥਨ ਨਹੀਂ ਹੈ: ਦੁਕਾਨਦਾਰ

ਨਾਭਾ (ਜੈਸਮੀਨ ਭਾਰਦਵਾਜ): ਭਾਵੇਂ ਅੱਜ ਤਾਲਾਬੰਦੀ ਵਿਰੁੱਧ ਕਿਸਾਨਾਂ ਵੱਲੋਂ ਦੁਕਾਨਾਂ ਖੋਲ੍ਹਣ ਦੇ ਦਿੱਤੇ ਸੱਦੇ ਦੇ ਬਾਵਜੂਦ ਬਾਜ਼ਾਰ ਬੰਦ ਰਹੇ ਪਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸਦਾ ਮਤਲਬ ਇਹ ਨਹੀਂ ਕਿ ਉਹ ਇਸ ਤਰ੍ਹਾਂ ਦੀ ਤਾਲਾਬੰਦੀ ਦੇ ਸਮਰਥਨ ਵਿਚ ਹਨ। ਨਾਭਾ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਭਾਸ਼ ਸਹਿਗਲ ਨੇ ਕਿਸਾਨਾਂ ਦੇ ਸਮਰਥਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੇ ਪ੍ਰਸ਼ਾਸਨ ਸਾਡੀਆਂ ਮੰਗਾਂ ਦੇ ਪ੍ਰਤੀ ਸੰਵੇਦਨਹੀਣ ਨਹੀਂ, ਜਿਸ ਕਰਕੇ ਅਸੀਂ ਖਿਲਾਫਤ ਦਾ ਰਸਤਾ ਅਜੇ ਨਹੀਂ ਚੁਣ ਰਹੇ। ਉਨ੍ਹਾਂ ਦੱਸਿਆ ਕਿ ਐੱਸਡੀਐੱਮ ਨਾਭਾ ਨਾਲ ਵਪਾਰੀ ਆਗੂਆਂ ਦੀ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ, ਜਿਸਦੇ ਚਲਦੇ ਕਈ ਤਰ੍ਹਾਂ ਦੇ ਵਪਾਰਾਂ ਨੂੰ ਪੂਰਾ ਹਫ਼ਤਾ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All