ਸ਼ਾਹਬਾਜ਼ ਸਿੰਘ
ਘੱਗਾ, 25 ਅਕਤੂਬਰ
ਹਲਕਾ ਸ਼ੁਤਰਾਣਾ ਦੇ ਪਿੰਡ ਬਾਦਸ਼ਾਹਪੁਰ ਦੇ ਦਲਿਤ ਪਰਿਵਾਰਾਂ ਦੇ ਆਟਾ ਦਾਲ ਸਕੀਮ ਦੇ ਕਾਰਡ ਨਾ ਬਣਨ ਅਤੇ ਪਿੰਡ ਦੀਆਂ ਹੋਰ ਮੰਗਾਂ ਨੂੰ ਲੈ ਕੇ ਪਿੰਡ ਦੀ ਸਰਪੰਚ ਅਮਨਦੀਪ ਕੌਰ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਨਿਵਾਸ ਸਥਾਨ ਮੋਰਿੰਡਾ ਵੱਲ ਨੰਗੇ ਪੈਰੀਂ ਪੈਦਲ ਯਾਤਰਾ ਲਈ ਜਥਾ ਰਵਾਨਾ ਹੋ ਗਿਆ ਜਿਸ ਵਿਚ ਵੱਡੀ ਗਿਣਤੀ ਬੀਬੀਆਂ ਸ਼ਾਮਲ ਸਨ।
ਇਸ ਮੌਕੇ ਦਲਿਤ ਪਰਿਵਾਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡ ਦੇ ਕਰੀਬ 150 ਬੇਜ਼ਮੀਨੇ ਗਰੀਬ ਪਰਿਵਾਰਾਂ ਦੇ ਆਟਾ ਦਾਲ ਕਾਰਡ ਨਹੀਂ ਬਣਾਏ ਜਾ ਰਹੇ ਜਿਸ ਕਾਰਨ ਉਨ੍ਹਾਂ ਨੂੰ ਕਣਕ ਨਹੀਂ ਮਿਲ ਰਹੀ ਜਦਕਿ ਜ਼ਿੰਮੀਦਾਰ ਸਰਕਾਰ ਦੀ ਇਸ ਸਕੀਮ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਆਟਾ ਦਾਲ ਸਕੀਮ ਦੇ ਫਾਰਮ ਸਮਾਣਾ ਦੇ ਫੂਡ ਸਪਲਾਈ ਦਫਤਰ ਲਟਕੇ ਪਏ ਹਨ ਅਤੇ ਕਈ ਹੋਰ ਸਮਸਿਆਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਟਸਐੱਪ ਉਤੇ ਵੀ ਪਾਈਆਂ ਪਰ ਉਨ੍ਹਾਂ ਚੈਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਮਜਬੂਰ ਹੋ ਕੇ ਉਹ ਨੰਗੇ ਪੈਰ ਪੈਦਲ ਮਾਰਚ ’ਤੇ ਨਿਕਲੇ ਹਨ ਤਾਂ ਜੋ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾ ਸਕਣ। ਇਕੱਠ ਵਿਚ ਵੱਡੀ ਗਿਣਤੀ ਮਹਿਲਾਵਾਂ ਨੇ ਕਿਹਾ ਕਿ ਜਿਨ੍ਹਾਂ ਦੇ ਖੇਤਾਂ ਵਿਚੋਂ ਉਹ ਬੱਲੀਆਂ ਚੁਗਦੀਆਂ ਹਨ ਉਹ ਲੋਕ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਹਨ ਜਦਕਿ ਲੋੜਵੰਦ ਲੋਕ ਇਸ ਸਕੀਮ ਤੋਂ ਵਾਂਝੇ ਹਨ। ਇਸ ਮੌਕੇ ਪੰਜ ਧੀਆਂ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਉਨ੍ਹਾਂ ਨੂੰ ਕਣਕ ਨਹੀਂ ਮਿਲ ਰਹੀ। ਆਸਾ ਰਾਣੀ ਅਤੇ ਕਾਕੋ ਦਾ ਪਤੀ ਬਿਮਾਰ ਹੈ ਜਦਕਿ ਸੁਖਵਿੰਦਰ ਕੌਰ ਦੇ ਕਮਰੇ ਦੀ ਉੱਡੀ ਛੱਤ ਦਾ ਮੁਆਵਜ਼ਾ ਵੀ ਨਹੀਂ ਮਿਲਿਆ। ਮਮਤਾ, ਸੁਖਵਿੰਦਰ, ਕਿੰਦੂ, ਰਾਜਵਿੰਦਰ ਕੌਰ, ਹਰਜੀਤ ਕੌਰ, ਖਜਾਨੋ ਨੇ ਦੱਸਿਆ ਕਿ ਕਿਸੇ ਗਰੀਬ ਪਰਿਵਾਰ ਨੂੰ ਕਣਕ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਉਹ ਫੂਡ ਸਪਲਾਈ ਮਹਿਕਮਾ ਸਮਾਣਾ ਕੋਲ ਵੀ ਜਾ ਚੁਕੇ ਹਨ । ਉਨਾਂ ਕਿਹਾ ਕਿ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਦਿਕੱਤ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਸ਼ਾਮਲਾਟ ਤੋਂ ਧਨਾਢਾਂ ਦੇ ਕਬਜ਼ੇ ਹਟਾਉਣ ਲਈ ਨਿਸ਼ਾਨਦੇਹੀ ਮੰਗੀ ਗਈ ਹੈ ਅਤੇ ਨਾਜਾਇਜ਼ ਕਬਜ਼ੇ ਹਟਵਾ ਕੇ ਦਲਿਤ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਦਿੱਤੇ ਜਾਣ।
ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਾਲ ਆਏ ਤੂਫਾਨ ਕਾਰਨ ਕਈ ਘਰਾਂ ਦੀਆਂ ਛੱਤਾਂ ਉਡ ਗਈਆਂ ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਆਈ। ਇਕੱਤਰ ਮਹਿਲਾਵਾਂ ਨੇ ਕਿਹਾ ਕਿ ਜੇਕਰ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਹੱਕ ਨਾ ਮਿਲੇ ਤਾਂ ਉਹ ਕਿਸੇ ਲੀਡਰ ਨੂੰ ਪਿੰਡ ਵਿਚ ਵੀ ਦਾਖਲ ਨਹੀਂ ਹੋਣ ਦੇਣਗੇ। ਇਸ ਮੌਕੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਉਹ ਹਲਕਾ ਵਿਧਾਇਕ ਕੋਲ ਵੀ ਪਹੁੰਚ ਕਰ ਚੁੱਕੇ ਹਨ ਪਰ ਕਿਸੇ ਬਾਂਹ ਨਹੀਂ ਫੜੀ। ਸਰਪੰਚ ਅਮਨਦੀਪ ਕੌਰ ਨੇ ਦੱਸਿਆ ਕਿ ਬਾਦਸ਼ਾਹਪੁਰ ਤੋਂ ਮੁੱਖ ਮੰਤਰੀ ਦਾ ਮੋਰਿੰਡਾ ਨਿਵਾਸ 102 ਕਿਲੋਮੀਟਰ ਹੈ ਅਤੇ ਬੇਸ਼ਕ ਉਨ੍ਹਾਂ ਦੇ ਨੰਗੇ ਪੈਰੀਂ ਛਾਲੇ ਪੈ ਰਹੇ ਹਨ ਪਰ ਉਹ ਸਵੇਰ ਤਕ ਆਪਣੀ ਸਮੁੱਚੀ ਪੰਚਾਇਤ ਅਤੇ ਹੋਰ ਪਿੰਡ ਵਾਸੀਆਂ ਦੇ ਨਾਲ ਮੁੱਖ ਮੰਤਰੀ ਦੇ ਦਰ ਉਤੇ ਦਸਤਕ ਦੇ ਦੇਣਗੇ। ਪੈਦਲ ਮਾਰਚ ਵਿਚ ਪੰਚ ਰਾਣੀ ਕੌਰ, ਰਾਜਵਿੰਦਰ ਕੌਰ, ਜਸਵਿੰਦਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਤੇ ਪਿੰਡ ਦੇ ਹੋਰ ਲੋਕ ਸ਼ਾਮਲ ਸਨ।