ਜਲੰਧਰ ’ਚ ਸੂਬਾ ਪੱਧਰੀ ਸਮਾਗਮ: ਰੰਧਾਵਾ ਤੇ ਡੀਜੀਪੀ ਵੱਲੋਂ ਸ਼ਹੀਦ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸ਼ਰਧਾਂਜਲੀਆਂ

ਪਾਲ ਸਿੰਘ ਨੌਲੀ

ਜਲੰਧਰ, 21 ਅਕਤੂਬਰ

ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦੇਣ ਵਾਲੇ ਸੂਬੇ ਦੇ ਬਹਾਦਰ ਪੁਲੀਸ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਇੱਥੇ ਪੰਜਾਬ ਆਰਮਡ ਪੁਲੀਸ (ਪੀਏਪੀ) ਦੇ ਹੈਡਕੁਆਰਟਰ ਵਿਖੇ 62ਵਾਂ ਰਾਜ ਪੱਧਰੀ ਪੁਲੀਸ ਯਾਦਗਾਰੀ ਦਿਵਸ ਮਨਾਇਆ ਗਿਆ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਪੁਲੀਸ ਬੇਮਿਸਾਲ ਫੋਰਸ ਹੈ। ਪੰਜਾਬ ਪੁਲੀਸ ਵੱਲੋਂ ਅਤਿਵਾਦ ਨਾਲ ਲੜਦੇ ਹੋਏ ਆਪਣੇ 1604 ਅਧਿਕਾਰੀਆਂ ਅਤੇ ਸਿਪਾਹੀਆਂ ਦਾ ਬਲਿਦਾਨ ਦਿੱਤਾ ਗਿਆ। ਪੀਏਪੀ ਕੈਂਪਸ ਦੇ ਅੰਦਰ ਉਸਾਰੇ ਗਏ ਪੁਲੀਸ ਸ਼ਹੀਦ ਸਮਾਰਕ ਵਿਖੇ ਸੁਚੱਜੇ ਢੰਗ ਨਾਲ ਪਰੇਡ ਕੀਤੀ ਗਈ। ਸਲਾਮੀ ਦੇਣ ਤੋਂ ਬਾਅਦ ਕਮਾਂਡੈਂਟ ਰਾਜਪਾਲ ਸਿੰਘ ਸੰਧੂ ਵੱਲੋਂ ਪੰਜਾਬ ਪੁਲੀਸ ਦੇ ਏਐੱਸਆਈ ਭਗਵਾਨ ਸਿੰਘ ਅਤੇ ਏਐੱਸਆਈ ਦਲਵਿੰਦਰਜੀਤ ਸਿੰਘ ਸਮੇਤ ਇਸ ਸਾਲ ਦੇ ਸਮੁੱਚੇ 377 ਪੁਲੀਸ ਸ਼ਹੀਦਾਂ ਦੇ ਨਾਮ ਪੜ੍ਹੇ ਗਏ। ਦੋ ਮਿੰਟ ਦਾ ਮੌਨ ਰੱਖਿਆ ਗਿਆ, ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵੱਲੋਂ ਸ਼ਹੀਦੀ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ਦੇ ਅੰਦਰ ਬੀਐੱਸਐੱਫ ਦੇ ਅਧਿਕਾਰ ਖੇਤਰ ਨੂੰ 50 ਕਿਲੋਮੀਟਰ ਤੱਕ ਵਧਾਉਣ ਦੇ ਫੈਸਲੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ, ਜੋ ਸਾਰੀਆਂ ਲੜਾਈਆਂ ਦੌਰਾਨ ਹਮੇਸ਼ਾ ਮੋਹਰੀ ਰਿਹਾ ਹੈ, ਨੂੰ ਆਪਣੀ ਸੁਰੱਖਿਆ ਲਈ ਕਿਸੇ ਹੋਰ ਤਾਕਤ ਦੀ ਜ਼ਰੂਰਤ ਨਹੀਂ ਹੈ। ਸ੍ਰੀ ਰੰਧਾਵਾ ਨੇ ਐਲਾਨ ਕੀਤਾ ਕਿ ਜ਼ਿਲ੍ਹਿਆਂ ਵਿੱਚ ਸਥਿਤ ਪੁਲੀਸ ਲਾਈਨਾਂ ਦੀਆਂ ਡਿਸਪੈਂਸਰੀਆਂ ਵਿੱਚ ਲੈਬ ਸਥਾਪਤ ਕੀਤੀਆਂ ਜਾਣਗੀਆਂ, ਜਿੱਥੇ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੂੰ ਟੈਸਟਿੰਗ ਦੀ ਸਹੂਲਤ ਹੋਵੇਗੀ। ਇਨ੍ਹਾਂ ਲੈਬਜ਼ ਉੱਪਰ ਕੁੱਲ ਸਵਾ ਕਰੋੜ ਦੇ ਕਰੀਬ ਲਾਗਤ ਆਵੇਗੀ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।

ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਪਟਿਆਲਾ(ਸਰਬਜੀਤ ਸਿੰਘ ਭੰਗੂ): ਅਤਿਵਾਦ ਦੇ ਦੌਰ 'ਚ ਸ਼ਹੀਦ ਹੋਏ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਇਥੇ ਪੁਲੀਸ ਲਾਈਨ ਵਿਖੇ 'ਪੁਲੀਸ ਸ਼ਹੀਦੀ ਦਿਵਸ' ਸਮਾਗਮ ਕੀਤਾ ਗਿਆ, ਜਿਸ ਦੌਰਾਨ ਪਟਿਆਲਾ ਰੇਂਜ ਦੇ ਸ਼ਹੀਦ ਹੋਏ 157 ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਸਾਂਝੇ ਤੌਰ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਦੌਰਾਨ ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ,ਐੱਸਐੱਸਪੀ ਹਰਚਰਨ ਸਿੰਘ ਭੁੱਲਰ, ਐੱਸਪੀਐੱਚ ਹਰਕਮਲ ਕੌਰ ਸਣੇ ਕਈ ਹੋਰ ਐੱਸਪੀ, ਡੀਐੱਸਪੀ ਅਤੇ ਇੰਸਪੈਕਟਰ ਪੱਧਰ ਦੇ ਪੁਲੀਸ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਡੀਐੱਸਪੀ (ਹੈੱਡਕੁਆਰਟਰ) ਗੁਰਦੇਵ ਧਾਲੀਵਾਲ ਨੇ ਦੱਸਿਆ ਕਿ ਇਸ ਦੌਰਾਨ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮੇਅਰ ਸੰਜੀਵ ਬਿੱਟੂ,ਵਧੀਕ ਸੈਸ਼ਨ ਜੱਜ ਹਰੀ ਸਿੰਘ ਤੇ ਰਣਜੀਤ ਜੈਨ ਸਮੇਤ ਕਈ ਸਾਬਕਾ ਪੁਲੀਸ ਅਧਿਕਾਰੀ ਤੇ ਮੁਲਾਜ਼ਮਾਂ ਸਮੇਤ ਹੋਰ ਸ਼ਖ਼ਸੀਅਤਾਂ ਵੀ ਉਚੇਚੇ ਤੌਰ 'ਤੇ ਪੁੱਜੀਆਂ ਹੋਈਆਂ ਸਨ।

ਮੋਗਾ(ਮਹਿੰਦਰ ਸਿੰਘ ਰੱਤੀਆਂ): ਇਥੇ ਪੁਲੀਸ ਲਾਈਨ ਵਿਖੇ ਯਾਦਗਾਰੀ ਪਰੇਡ ਦਿਵਸ ਮੌਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੌਰਾਨ ਸ਼ਹੀਦ ਪੁਲੀਸ ਤੇ ਸੁਰੱਖਿਆ ਫੋਰਸ ਜਵਾਨਾਂ ਅਤੇ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੁਲੀਸ ਦੀ ਟੁਕੜੀ ਵੱਲੋਂ ਸਹੀਦਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਡੀਐੱਸਪੀ ਬੀਐਸ ਭੁੱਲਰ ਨੇ ਦੇਸ਼ ਭਰ ਵਿਚ ਹੋਏ ਸ਼ਹੀਦਾਂ ਜਵਾਨਾਂ ਦੇ ਨਾਮ ਪੜ੍ਹ ਕਿ ਉਨ੍ਹਾਂ ਨੂੰ ਸਿਜਦਾ ਕੀਤਾ। ਇਸ ਮੌਕੇ ਐੱਸਐੱਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੇਸ਼ ਆਉਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾਂਦੀਆਂ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਹਰੀਸ਼ ਨਈਅਰ, ਐੱਸਪੀ. (ਸਥਾਨਕ) ਗੁਰਦੀਪ ਸਿੰਘ, ਐੱਸਪੀ. (ਜਾਂਚ) ਜਗਤਪ੍ਰੀਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਜੀਓਜੀ ਮੁੱਖੀ ਕਰਨਲ ਬਲਕਾਰ ਸਿੰਘ ਨੇ ਵਿਚਾਰ ਸਾਂਝੇ ਕੀਤੇ।

ਮੁਹਾਲੀ(ਦਰਸ਼ਨ ਸਿੰਘ ਸੋਢੀ): ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਪੁਲੀਸ ਦੇ ਬਹਾਦਰ ਜਵਾਨਾਂ ਦੇ ਮਹਾਨ ਬਲੀਦਾਨ ਨੂੰ ਯਾਦ ਕਰਨ ਲਈ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ -76 ਵਿਖੇ ਪੁਲੀਸ ਸ਼ਹੀਦ ਯਾਦਗਾਰੀ ਦਿਵਸ ਮਨਾਇਆ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਐੱਸਐੱਸਪੀ ਨਵਜੋਤ ਸਿੰਘ ਮਾਹਲ, ਜੁਡੀਸ਼ਲ ਮੈਜਿਸਟਰੇਟ ਪਹਿਲਾ ਦਰਜਾ ਮੁਕੇਸ਼ ਕੁਮਾਰ ਸਿੰਗਲਾ ਤੇ ਹੋਰਾਂ ਨੇ ਪੁਲੀਸ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੁਲੀਸ ਆਪਣੀ ਡਿਊਟੀ ਪੂਰੀ ਸਮਰਪਣ ਤੇ ਦ੍ਰਿੜ੍ਹਤਾ ਨਾਲ ਨਿਭਾਉਂਦੀ ਰਹੇਗੀ। ਉਨ੍ਹਾਂ ਦੱਸਿਆ ਕਿ ਕੋਵਿਡ ਪ੍ਰੋਟੋਕਾਲ ਦੌਰਾਨ ਇਸ ਸਾਲ ਦਾ ਸਮਾਰੋਹ ਸੰਖੇਪ ਰੱਖਿਆ ਗਿਆ ਅਤੇ ਜ਼ਿਲ੍ਹੇ ਨਾਲ ਸਬੰਧਤ 35 ਪੁਲੀਸ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਮਾਗਮ ਲਈ ਨਹੀਂ ਬੁਲਾਇਆ ਗਿਆ। ਇਨ੍ਹਾਂ ਪਰਿਵਾਰਾਂ ਦਾ ਉਨ੍ਹਾਂ ਦੇ ਘਰ ਘਰ ਜਾ ਕੇ ਸਨਮਾਨ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਐੱਸਪੀ (ਐੱਚ) ਆਕਾਸ਼ਦੀਪ ਸਿੰਘ ਔਲਖ ਨੇ ਦੇਸ਼ ਭਰ ਵਿੱਚ ਪਿਛਲੇ ਇਕ ਸਾਲ ਦੌਰਾਨ ਸ਼ਹੀਦ ਹੋਏ ਪੁਲੀਸ ਦੇ ਜਵਾਨਾਂ ਦੇ ਨਾਵਾਂ ਦੀ ਸੂਚੀ ਪੜ੍ਹੀ। ਅੱਜ ਸਮਾਗਮ ਦੌਰਾਨ ਐੱਸਪੀ (ਇੰਡਸਟਰੀਅਲ ਸਕਿਉਰਿਟੀ) ਹਰਬੀਰ ਸਿੰਘ ਅਟਵਾਲ, ਐਸਪੀ (ਅਪਰੇਸ਼ਨ) ਮੁਖਤਿਆਰ ਰਾਏ, ਡੀਐਸਪੀ (ਜ਼ੀਰਕਪੁਰ) ਅਮਰੋਜ਼ ਸਿੰਘ, ਡੀਐਸਪੀ (ਸਿਟੀ-2) ਸੁਖਜੀਤ ਸਿੰਘ, ਡੀਐਸਪੀ (ਐਸ.ਡੀ. ਖਰੜ 2/ਮੁੱਲਾਂਪੁਰ) ਬਿਕਰਮਜੀਤ ਸਿੰਘ, ਡੀ.ਐਸ.ਪੀ. (ਹੈੱਡ ਕੁਆਟਰਜ਼) ਮਨਵੀਰ ਸਿੰਘ, ਡੀ.ਐਸ.ਪੀ. (ਪੀ.ਬੀ.ਆਈ.) ਸਪੈਸ਼ਲ ਕਰਾਈਮ ਮਹੇਸ਼ ਇੰਦਰ ਸਿੰਘ, ਡੀ.ਐਸ.ਪੀ. (ਪੀ.ਬੀ.ਆਈ.,ਆਰਥਿਕ ਅਪਰਾਧ ਤੇ ਸਾਈਬਰ ਕਰਾਈਮ) ਗੁਰਪ੍ਰੀਤ ਸਿੰਘ, ਡੀ.ਐਸ.ਪੀ. (ਪੀ.ਬੀ.ਆਈ., ਐਨ.ਡੀ.ਪੀ.ਐਸ.-ਕਮ-ਨਾਰਕੋਟਿਕਸ) ਰੁਪਿੰਦਰਜੀਤ ਸਿੰਘ, ਡੀ.ਐਸ.ਪੀ. (ਕਮਿਊਨਿਟੀ ਪੁਲਿਸਿੰਗ) ਮਨਜੀਤ ਸਿੰਘ, ਡੀ.ਐਸ.ਪੀ. (ਐਸ.ਡੀ. ਡੇਰਾਬੱਸੀ) ਗੁਰਬਖਸ਼ੀਸ਼ ਸਿੰਘ, ਡੀ.ਐਸ.ਪੀ. (ਤਕਨੀਕੀ ਸਹਾਇਤਾ ਤੇ ਫੋਰੈਂਸਿਕਸ) ਅਮਰਪ੍ਰੀਤ ਸਿੰਘ ਅਤੇ ਡੀ.ਐਸ.ਪੀ. (ਐਮਰਜੈਂਸੀ ਰਿਸਪਾਂਸ ਸਿਸਟਮ ਤੇ ਸੀ.ਸੀ.ਟੀ.ਐਨ.ਐਸ.) ਗਣੇਸ਼ ਕੁਮਾਰ ਹਾਜ਼ਰ ਸਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All