Pilgrimage Status: ਵਫ਼ਦ ਵੱਲੋਂ ਵਿੱਤ ਮੰਤਰੀ ਚੀਮਾ ਨੂੰ ਮੰਗ ਪੱਤਰ
ਗੁਰਦੁਆਰਾ ਤਪਿਆਣਾ ਸਾਹਿਬ ਨੂੰ ਤੀਰਥ ਸਥਾਨ ਦਾ ਦਰਜਾ ਦੇਣ ਦੀ ਮੰਗ
ਬ੍ਰਹਮ ਗਿਆਨੀ ਭਗਤ ਨਾਮਦੇਵ ਦੀ ਮਹਾਨ ਧਾਰਮਿਕ, ਅਧਿਆਤਮਿਕ ਅਤੇ ਇਤਿਹਾਸਕ ਵਿਰਾਸਤ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਅਤੇ ਨਾਮਦੇਵ ਬਰਾਦਰੀ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਭਾਈ ਸਤਨਾਮ ਸਿੰਘ ਦਮਦਮੀ ਅਤੇ ਮੁੱਖ ਬੁਲਾਰਾ ਬਲਵੰਤ ਸਿੰਘ ਜੋਗਾ ਦੀ ਅਗਵਾਈ ਹੇਠ ਵਫ਼ਦ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਸੌਂਪਿਆ ਗਿਆ।
ਵਫ਼ਦ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਨਗਰ ਘੁਮਾਣ ਵਿੱਚ ਸਥਿਤ ਬ੍ਰਹਮ ਗਿਆਨੀ ਭਗਤ ਨਾਮਦੇਵ ਦੇ ਪਵਿੱਤਰ ਤਪ ਅਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਨੂੰ ਸਰਕਾਰੀ ਤੌਰ ’ਤੇ ਤੀਰਥ ਸਥਾਨ ਦਾ ਦਰਜਾ ਦੇਣ ਦੀ ਮੰਗ ਕੀਤੀ। ਵਫ਼ਦ ਆਗੂਆਂ ਨੇ ਕਿਹਾ ਕਿ ਘੁਮਾਣ ਸਾਹਿਬ ਦੀ ਧਰਤੀ ਭਗਤ ਨਾਮਦੇਵ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੇ ਉਨ੍ਹਾਂ ਨੇ ਲੰਮਾ ਸਮਾਂ ਘੋਰ ਤਪੱਸਿਆ ਕੀਤੀ।
ਵਫ਼ਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਭਗਤ ਨਾਮਦੇਵ ਦੇ ਨਾਮ ’ਤੇ ਬੰਦ ਪਈ ਚੇਅਰ ਨੂੰ ਮੁੜ ਚਾਲੂ ਕਰਨ ਦੀ ਵੀ ਮੰਗ ਕੀਤੀ। ਇਸ ਤੋਂ ਇਲਾਵਾ ਭਗਤ ਨਾਮਦੇਵ ਦੇ ਨਾਮ ’ਤੇ ਕਿਸੇ ਪ੍ਰਮੁੱਖ ਸਰਕਾਰੀ ਸੰਸਥਾ ਦਾ ਨਾਮ ਰੱਖਣ ਅਤੇ ਹੋਰਨਾਂ ਭਾਈਚਾਰਿਆਂ ਦੀ ਤਰਜ਼ ’ਤੇ ਨਾਮਦੇਵ ਬਰਾਦਰੀ ਭਾਈਚਾਰੇ ਲਈ ਵੱਖਰਾ ਬੋਰਡ ਸਥਾਪਤ ਕਰਨ ਸਣੇ ਭਾਈਚਾਰੇ ਦੀਆਂ ਹੋਰ ਜਾਇਜ਼ ਮੰਗਾਂ ਨੂੰ ਵੀ ਵਿੱਤ ਮੰਤਰੀ ਅੱਗੇ ਰੱਖੀਆਂ। ਵਿੱਤ ਮੰਤਰੀ ਨੇ ਵਫ਼ਦ ਵੱਲੋਂ ਰੱਖੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਜਲਦ ਪੂਰਾ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਵਿੱਤ ਸਕੱਤਰ ਮਲਕੀਤ ਸਿੰਘ ਸੰਗੂ, ਪ੍ਰਚਾਰ ਸਕੱਤਰ ਕਰਮ ਸਿੰਘ ਨਮੋਲ, ਬਲਵੰਤ ਸਿੰਘ ਜੋਗਾ ਮੌਜੂਦ ਸਨ।

