ਸੱਚਖੰਡ ਐਕਸਪ੍ਰੈੱਸ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ
ਮੀਂਹ ਪੈਣ ’ਤੇ ਡੱਬਿਆਂ ’ਚ ਵੜਦੈ ਪਾਣੀ, ਬਾਥਰੂਮਾਂ ਦੀ ਲੀਕੇਜ ਤੇ ਚੋਰੀ ਦੀਆਂ ਵਾਰਦਾਤਾਂ ਤੋਂ ਸੰਗਤ ਪ੍ਰੇਸ਼ਾਨ
ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਾਂਦੇੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਰਾਜਪੁਰਾ ਤੋਂ ਸੱਚਖੰਡ ਐਕਸਪ੍ਰੈੱਸ ਰੇਲਗੱਡੀ ਨੰਬਰ 12716 ਰਾਹੀਂ ਯਾਤਰਾ ਕਰ ਰਹੇ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਰੇਲਗੱਡੀ ਦੀ ਖਸਤਾ ਹਾਲਤ ਨੂੰ ਲੈ ਕੇ ਰੇਲਵੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੱਚਖੰਡ ਐਕਸਪ੍ਰੈੱਸ ਰਾਹੀਂ ਵੱਡੀ ਗਿਣਤੀ ਵਿੱਚ ਸੰਗਤ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਹਜ਼ੂਰ ਸਾਹਿਬ ਸਮੇਤ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਦੀ ਹੈ, ਪਰ ਰੇਲਗੱਡੀ ਦੀ ਸਾਂਭ-ਸੰਭਾਲ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਬਰਸਾਤ ਪੈਣ ’ਤੇ ਰੇਲਗੱਡੀ ਦੇ ਡੱਬਿਆਂ ਵਿੱਚ ਪਾਣੀ ਵੜ ਗਿਆ ਜਦਕਿ ਬਾਥਰੂਮਾਂ ਦੀਆਂ ਪਾਣੀ ਵਾਲੀਆਂ ਪਾਈਪਾਂ ਦੀ ਲੀਕੇਜ ਕਾਰਨ ਵੀ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਮੌਕੇ ’ਤੇ ਹੀ ਰੇਲਵੇ ਵਿਭਾਗ ਨੂੰ ਸ਼ਿਕਾਇਤ ਕਰ ਕੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਜਥੇਦਾਰ ਬਘੌਰਾ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਨਵੀਆਂ ਰੇਲਗੱਡੀਆਂ ਚਲਾਉਣ ਦੇ ਨਾਲ ਧਾਰਮਿਕ ਅਸਥਾਨਾਂ ਨੂੰ ਜੋੜਨ ਵਾਲੀਆਂ ਪੁਰਾਣੀਆਂ ਰੇਲਗੱਡੀਆਂ ਦੀ ਵੀ ਸੰਭਾਲ ਕੀਤੀ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਸੱਚਖੰਡ ਐਕਸਪ੍ਰੈੱਸ ਅਤੇ ਸ੍ਰੀ ਗੰਗਾਨਗਰ ਤੋਂ ਸ੍ਰੀ ਹਜ਼ੂਰ ਸਾਹਿਬ ਨੂੰ ਜਾਣ ਵਾਲੀਆਂ ਰੇਲਗੱਡੀਆਂ ਦੇ ਰੈਕ ਬਦਲ ਕੇ ਨਵੇਂ ਰੈਕ ਲਾਏ ਜਾਣ। ਉਨ੍ਹਾਂ ਰੇਲਗੱਡੀ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ’ਤੇ ਵੀ ਚਿੰਤਾ ਪ੍ਰਗਟ ਕਰਦਿਆਂ ਸੰਗਤ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।

