ਨਗਰ ਪੰਚਾਇਤ ਦੇਵੀਗੜ੍ਹ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸਰਕਾਰੀ ਪਖਾਨਿਆਂ ਨੂੰ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਇਨ੍ਹਾਂ ਨੂੰ ਚਾਲੂ ਨਹੀਂ ਕੀਤਾ ਗਿਆ ਜਿਸ ਕਾਰਨ ਸਥਾਨਕ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪਖਾਨੇ ਨਗਰ ਪੰਚਾਇਤ ਦਫ਼ਤਰ ਤੋਂ ਮਹਿਜ਼ ਸੌ ਮੀਟਰ ਦੇ ਫਾਸਲੇ ’ਤੇ ਨਵੇਂ ਤਿਆਰ ਕੀਤੇ ਗਏ ਸਨ ਤਾਂ ਜੋ ਬਾਜ਼ਾਰ ’ਚ ਆਉਣ ਵਾਲੀ ਆਮ ਜਨਤਾ ਨੂੰ ਸਹੂਲਤ ਮਿਲ ਸਕੇ ਪਰ ਪਖਾਨਿਆਂ ’ਤੇ ਤਾਲੇ ਲੱਗੇ ਹੋਏ ਹਨ।
ਲੋਕਾਂ ਨੇ ਦੱਸਿਆ ਕਿ ਖਾਸ ਕਰਕੇ ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਇਸ ਕਾਰਨ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਰਾਹਗੀਰਾਂ ਅਤੇ ਵਪਾਰੀਆਂ ਲਈ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਬੰਦ ਪਖਾਨਿਆਂ ਦੇ ਆਲੇ-ਦੁਆਲੇ ਗੰਦਗੀ ਵੀ ਵਧ ਰਹੀ ਹੈੈ। ਲੋਕਾਂ ਨੇ ਕਿਹਾ ਕਿ ਜੇ ਸਮੇਂ ਸਿਰ ਇਨ੍ਹਾਂ ਨੂੰ ਚਾਲੂ ਨਾ ਕੀਤਾ ਗਿਆ ਤਾਂ ਇਸ ਬਿਲਡਿੰਗ ਦਾ ਨਵਾਂ ਬਣਿਆ ਢਾਂਚੇ ਖਰਾਬ ਹੋ ਸਕਦਾ ਹੈ ।
ਲੋਕਾਂ ਨੇ ਨਗਰ ਪੰਚਾਇਤ ਦੇਵੀਗੜ੍ਹ ਵੱਲੋਂ ਤਿਆਰ ਪਖਾਨੇ ਚਾਲੂ ਕਰਨ ਦੀ ਮੰਗ ਕੀਤੀ ਹੈ।
ਕੰਮ ਜਲਦੀ ਮੁਕੰਮਲ ਕਰਨ ਮਗਰੋਂ ਚਾਲੂ ਕਰਾਂਗੇ: ਈ ਓ
ਨਗਰ ਪੰਚਾਇਤ ਦੇਵੀਗੜ੍ਹ ਦੇ ਈਓ ਲਖਵੀਰ ਸਿੰਘ ਨੇ ਕਿਹਾ ਕਿ ਉਹ ਦੋ ਮਹੀਨੇ ਤੋਂ ਮੈਡੀਕਲ ਛੁੱਟੀ ਉੱਤੇ ਸਨ। ਉਨ੍ਹਾਂ ਕਿਹਾ ਕਿ ਪਖਾਨਿਆਂ ਦੀ ਪਾਈਪਾਂ ਪਾਉਣ ਤੋਂ ਰਹਿੰਦੀਆਂ ਸਨ। ਮੌਕੇ ਉੱਤੇ ਜਾਂਚ ਕਰਕੇ ਜੇਕਰ ਕੋਈ ਕਮੀ ਹੋਈ ਤਾਂ ਉਸ ਨੂੰ ਜਲਦ ਮੁਕੰਮਲ ਕਰ ਕੇ ਪਖਾਨਿਆਂ ਨੂੰ ਚਾਲੂ ਕਰ ਦਿੱਤਾ ਜਾਵੇਗਾ।

