ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 7 ਜੂਨ
ਫਰਦ ਕੇਂਦਰ ਦੁੱਧਣਸਾਧਾਂ ਵਿੱਚ ਜ਼ਮੀਨੀ ਰਿਕਾਰਡ ਦੀ ਫਰਦ ਲੈਣ ਲਈ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸਬ ਡਵੀਜ਼ਨ ਦੁੱਧਣਸਾਧਾਂ ਦੇ ਇਸ ਫਰਦ ਕੇਂਦਰ ਵਿੱਚ ਕਰੀਬ 93 ਪਿੰਡਾਂ ਦੇ ਲੋਕ ਫਰਦ ਲੈਣ ਲਈ ਆਉਂਦੇ ਹਨ। ਕੇਂਦਰ ਵੱਲੋਂ ਲੋਕਾਂ ਨੂੰ ਫਰਦ ਦੇਣ ਲਈ ਸਿਰਫ ਇੱਕ ਹੀ ਖਿੜਕੀ ਸਥਾਪਿਤ ਕੀਤੀ ਗਈ ਹੈ। ਲੋਕ ਸਵੇਰੇ ਤੋਂ ਹੀ ਲਾਈਨਾਂ ਵਿੱਚ ਖੜ੍ਹੇ ਹੋ ਜਾਂਦੇ ਹਨ ਤਾਂ ਕਿ ਉਨ੍ਹਾਂ ਨੂੰ ਦਫ਼ਤਰੀ ਸਮੇਂ ਤੋਂ ਪਹਿਲਾਂ ਫਰਦ ਮਿਲ ਸਕੇ। ਇਸ ਦੇ ਬਾਵਜੂਦ ਉਨ੍ਹਾਂ ਨੂੰ ਖੱਜਲ-ਖੁਆਰੀ ਝੱਲਣੀ ਪੈਂਦੀ ਹੈ। ਫਰਦ ਲੈਣ ਆਏ ਇੰਦਰਜੀਤ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਨੂੰ ਚਾਲੂ ਕਰਵਾਉਣ ਲਈ ਸਵੇਰ ਤੋਂ ਫਰਦ ਲੈਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਫਰਦ ਸਿਰਫ ਇੱਕ ਹੀ ਕੰਪਿਊਟਰ ‘ਤੇ ਕੱਢੀ ਜਾ ਰਹੀ ਹੈ, ਜਿਸ ਕਾਰਨ ਉਹ 4-5 ਘੰਟੇ ਤੋਂ ਵਾਰੀ ਦੀ ਉਡੀਕ ਕਰ ਰਹੇ ਹਨ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫਰਦ ਕੇਂਦਰ ਕਰਮੀਆਂ ਨੇ ਫਰਦ ਲੈਣ ਲਈ ਟੋਕਨ ਦਿੱਤੇ ਹਨ ਪਰ ਸਿਫਾਰਸ਼ੀ ਲੋਕਾਂ ਦੀਆਂ ਫਰਦਾਂ ਬਿਨਾਂ ਟੋਕਨ ਤੋਂ ਕੱਢੀਆ ਜਾ ਰਹੀਆਂ ਹਨ। ਲੋਕਾਂ ਨੇ ਕਿਹਾ ਕਿ ਫਰਦ ਕੇਂਦਰ ਦੇ ਮੁਲਾਜ਼ਮ ਕੰਪਿਊਟਰ ਹੈਗ ਹੋਣ ਦੀ ਗੱਲ ਆਖ ਦਿੰਦੇ ਹਨ, ਜਿਸ ਕਾਰਨ ਲੋਕਾਂ ਨੂੰ ਕਈ-ਕਈ ਘੰਟੇ ਉਡੀਕ ਕਰਨੀ ਪੈਂਦੀ ਹੈ। ਗੁਰਮੁਖ ਸਿੰਘ ਨੇ ਕਿਹਾ ਕਿ ਫਰਦ ਕੇਂਦਰ ਮੁਲਾਜ਼ਮ ਖੁੱਲ੍ਹੇ ਪੈਸੇ ਨਾ ਹੋਣ ਦਾ ਬਹਾਨਾ ਬਣਾ ਕੇ ਵੱਧ ਰਕਮ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਤਿੰਨ ਪੇਜ਼ ਫਰਦ ਕਾਪੀਆਂ ਦੇ 75 ਰੁਪਏ ਦੀ ਬਜਾਏ 100 ਰੁਪਏ ਵਸੂਲੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਫਰਦ ਕੇਂਦਰ ਦੁੱਧਣਸਾਧਾਂ ਵਿੱਚ ਫਰਦਾਂ ਕੱਢਣ ਲਈ ਸਿੰਗਲ ਵਿੰਡੋ ਹੋਂਣ ਦੇ ਨਾਲ-ਨਾਲ ਇੱਕ ਪ੍ਰਿੰਟਰ ਮਸ਼ੀਨ ਅਤੇ ਦੋ ਕੰਪਿਊਟਰ ਹਨ, ਜਿਨ੍ਹਾਂ ਦੇ ਪੁਰਾਣੇ ਹੋਂਣ ਕਾਰਨ ਲੈਂਡ ਰਿਕਾਰਡ ਕੱਢਣ ਵਿੱਚ ਮੁਸ਼ਕਿਲਾਂ ਵੀ ਪੇਸ਼ ਆ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਫਰਦ ਲੈਣ ਲਈ ਘੰਟਿਆਂ ਬੱਧੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਫਰਦ ਕੇਂਦਰ ਵਿੱਚ ਫਰਦਾ ਕੱਢਣ ਲਈ ਘੱਟੋ-ਘੱਟ ਦੋ ਵਿੰਡੋ ਸਥਾਪਿਤ ਕੀਤੀਆਂ ਜਾਣ ਤਾਂ ਕਿ ਲੋਕ ਖੱਜਲ ਖੁਆਰ ਹੋਣ ਤੋਂ ਬਚ ਸਕਣ।
ਜਾਂਚ ਮਗਰੋਂ ਸਮੱਸਿਆ ਹੱਲ ਕਰਾਂਗੇ: ਐਸਡੀਐਮ
ਫਰਦ ਕੇਂਦਰ ਦੁੱਧਨਸਾਧਾਂ ਵਿੱਚ ਆ ਰਹੀ ਸਮੱਸਿਆ ਸਬੰਧੀ ਐਸਡੀਐਮ ਕਿਰਪਾਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਵੱਧ ਪੈਸੇ ਲੈਣ ਦਾ ਕੋਈ ਅਜਿਹਾ ਮਸਲਾ ਨਹੀਂ ਹੈ। ਉਹ ਕਿਹਾ ਕਿ ਫਰਦ ਕੇਂਦਰ ਦੇ ਜਾਇਜ਼ੇ ਮਗਰੋਂ ਸਮੱਸਿਆ ਹੱਲ ਕੀਤੀ ਜਾਵੇਗੀ। ਉਨ੍ਹਾਂ ਪੁਰਾਣੇ ਕੰਪਿਊੁਟਰਾਂ ਦੇ ਮਸਲੇ ‘ਤੇ ਕਿਹਾ ਕਿ ਜੋ ਸਾਮਾਨ ਸਰਕਾਰ ਵੱਲੋਂ ਦਿੱਤਾ ਗਿਆ ਹੈ ਉਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਕਿਸੇ ਸਹੂਲਤ ਵਿੱਚ ਵਾਧਾ ਕਰਨਾ ਪਿਆ ਉਹ ਜਲਦੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕਰਨਗੇ।