ਆਨਲਾਈਨ ਗੁਰਮਤਿ ਕੁਇਜ਼

ਪੀਰ ਬੁੱਧੂ ਸ਼ਾਹ ਹਲਕਾ ਡੇਰਾਬਸੀ ਦੀ ਟੀਮ ਨੇ ਮਾਰੀ ਬਾਜ਼ੀ

ਪੀਰ ਬੁੱਧੂ ਸ਼ਾਹ ਹਲਕਾ ਡੇਰਾਬਸੀ ਦੀ ਟੀਮ ਨੇ ਮਾਰੀ ਬਾਜ਼ੀ

ਪ੍ਰੀਖਿਆ ਦੀ ਸ਼ੁਰੂਆਤ ਮੌਕੇ ਹਾਜ਼ਰ ਵੱਖ ਵੱਖ ਟੀਮਾਂ ਅਤੇ ਪਤਵੰਤੇ। -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 12 ਅਗਸਤ

ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ’ਚ ਗੁਰਮਤਿ ਕੁਇਜ਼ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਨੇ ਪ੍ਰੀਖਿਆ ਦੌਰਾਨ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਪਟਿਆਲਾ ਵਿਚ ਹੋ ਰਹੇ ਜ਼ੋਨ ਪੱਧਰੀ ਮੁਕਾਬਲੇ ਦੌਰਾਨ ਪ੍ਰਚਾਰਕਾਂ ਵੱਲੋਂ ਤਿਆਰ ਕੀਤੀਆਂ ਬੱਚਿਆਂ ਦੀਆਂ ਵੱਖੋ-ਵੱਖ 10 ਟੀਮਾਂ ਨੇ ਹਿੱਸਾ ਲਿਆ।

ਅੱਜ ਦਾ ਆਨਲਾਈਨ ਕੁਇਜ਼ ‘ਖੂਨ ਸ਼ਹੀਦਾਂ ਦਾ’ ਅਤੇ ‘ਆਓ ਗੁਰੂ ਇਤਿਹਾਸ ਜਾਣੀਏ’ ਵਿਸ਼ੇ ’ਤੇ ਅਧਾਰਿਤ ਸੀ। ਇਸ ਦੌਰਾਨ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਅਤੇ ਭਾਈ ਅਮਰੀਕ ਸਿੰਘ ਵੱਲੋਂ ਬੱਚਿਆਂ ਨੂੰ ਵੱਖ-ਵੱਖ ਪ੍ਰਸ਼ਨ ਦਿੱਤੇ ਗਏ, ਜਿਸ ਦੇ ਜਵਾਬ ’ਚ ਬੱਚਿਆਂ ਨੇ ਆਪੋ-ਆਪਣੀ ਪ੍ਰਤਿਭਾ ਰਾਹੀਂ ਪ੍ਰੀਖਿਆ ਦਿੱਤੀ। ਇਸ ਮੁਕਾਬਲੇ ਦੌਰਾਨ ਪੀਰ ਬੁੱਧੂ ਸ਼ਾਹ ਹਲਕਾ ਡੇਰਾਬਸੀ ਦੀ ਟੀਮ ਨੇ ਪਹਿਲਾ ਸਥਾਨ, ਬਾਬਾ ਅਜੈ ਸਿੰਘ ਹਲਕਾ ਡਕਾਲਾ ਦੀ ਟੀਮ ਨੇ ਦੂਜਾ ਸਥਾਨ ਅਤੇ ਬਾਬਾ ਜੀਵਨ ਸਿੰਘ ਹਲਕਾ ਭਾਦਸੋਂ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।

ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ ਤੋਂ ਇਲਾਵਾ ਪ੍ਰਚਾਰਕ ਭਾਈ ਪਰਵਿੰਦਰ ਸਿੰਘ ਰਿਉਂਦ, ਭਾਈ ਪਰਵਿੰਦਰ ਸਿੰਘ ਬਰਰਾੜਾ, ਭਾਈ ਬੇਅੰਤ ਸਿੰਘ, ਭਾਈ ਲਖਵਿੰਦਰ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ ਟਿੱਬਾ, ਭਾਈ ਬਲਦੇਵ ਸਿੰਘ, ਭਾਈ ਹਰਪ੍ਰੀਤ ਸਿੰਘ ਨੇ ਪ੍ਰੀਖਿਆ ਦੌਰਾਨ ਆਪਣਾ ਅਹਿਮ ਯੋਗਦਾਨ ਪਾਇਆ।

ਸਿੱਖ ਧਰਮ ਵਿਲੱਖਣ ਹੋਂਦ ਦਾ ਪ੍ਰਤੀਕ: ਬੀਬੀ ਟੋਹੜਾ

ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਕੁਲਦੀਪ ਕੌਰ ਟੌਹੜਾ ਨੇ ਗੁਰਮਤਿ ਕੁਇਜ਼ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਿੱਖੀ ਦੇ ਨਿਆਰੇਪਣ ਅਤੇ ਗੁਰੂ ਸਾਹਿਬਾਨ ਵੱਲੋਂ ਵਿਖਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਿੱਖ ਧਰਮ ਵਿਲੱਖਣ ਹੋਂਦ ਹਸਤੀ ਦਾ ਪ੍ਰਤੀਕ ਹੈ ਅਤੇ ਅਸੀਂ ਸਾਰੇ ਹੀ ਮਹਾਨ ਇਤਿਹਾਸ ਦੀ ਵਿਰਾਸਤ ਦੇ ਵਾਰਸ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਨਲਾਈਨ ਪ੍ਰੀਖਿਆ ਦਾ ਮੰਤਵ ਅਜੌਕੀ ਪੀੜੀ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨਾ ਹੈ, ਜੋ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All