ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਜਨਵਰੀ
ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨ ਏਕਤਾ ਦੇੇ ਦਬਾਅ ਸਦਕਾ ਹੀ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਇਜ਼ਾਜਤ ਮਿਲੀ ਹੈ। ਇਸੇ ਤਰਜ ’ਤੇ ਹੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਇਤਿਹਾਸਕ ਟਰੈਕਟਰ ਪਰੇਡ ਅੱਗੇ ਖੇਤੀ ਕਾਨੂੰਨ ਰੱਦ ਕਰਨ ਲਈ ਵੀ ਅਵੱਸ਼ ਹੀ ਝੁਕਣਾ ਪਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਹੀ ਅਸਲੀ ਪਰੇਡ ਹੋਵੇਗੀ, ਜੋ ਦੇਸ਼ ਦੀ ਅਸਲ ਤਸਵੀਰ ਪੇਸ਼ ਕਰੇਗੀ। ਇੱਥੇ ਜਾਰੀ ਬਿਆਨ ਰਾਹੀਂ ਢੀਂਡਸਾ ਨੇ ਕਿਹਾ ਕਿ ਇਹ ਪਰੇਡ ਦੋ ਮਹੀਨਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਆਪਣੇ ਹੱਕਾਂ ਲਈ ਦਿੱਲੀ ਦੀਆਂ ਹੱਦਾਂ ਨਾਲ ਖੁਲ੍ਹੀਆਂ ਸੜਕਾਂ ਉੱਪਰ ਡਟੇ ਕਿਸਾਨਾਂ ਦੀ ਸੁਣਵਾਈ ਨਾ ਹੋਣ ਦੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਦੁਨੀਆ ਅੱਗੇ ਉਜਾਗਰ ਕਰੇਗੀ। ਢੀਂਡਸਾ ਨੇ ਕਿਹਾ ਕਿ ਦੁਨੀਆ ਦੇ ਇਤਿਹਾਸਕ ਅੰਦੋਲਨ ਲੜ ਰਹੇ ਕਿਸਾਨਾਂ ਨੇ ਜਿੱਥੇ ਆਪਣੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ ਹੈ, ਉੱਥੇ ਅਜਿਹੇ ਸੰਕੇਤ ਵੀ ਦਿੱਤੇ ਹਨ, ਜੋ ਦੇਸ਼ ਦੇ ਭਵਿੱਖ ਲਈ ਚੰਗੇਰੇੇੇ ਸਾਬਤ ਹੋਣਗੇ। ਕਿਸਾਨ ਅੰਦੋਲਨ ਨੇ ਜਵਾਬਦੇਹੀ ਵਾਲੀ ਜਮਹੂਰੀਅਤ ਨੂੰ ਨਵੀਂ ਦਿਸ਼ਾ ਦਿੱਤੀ ਹੈ ਕਿਸਾਨਾਂ ਦੀ ਹੱਕਾਂ ਦੀ ਲੜਾਈ ਨੇ ਸਾਂਝੀਵਾਲਤਾ ਤੇ ਆਪਸੀ ਇਤਫ਼ਾਕ ਨੂੰ ਉਭਾਰਿਆ ਹੈ। ਇੱਕ ਟਰਾਲੀ ਵਿੱਚ ਬਹਿ ਕੇ ਜਾਣ ਤੇ ਇਕੱਠਿਆਂ ਸੌਣ ਬੈਠਣ ਦੀ ਸਾਂਝ ਨੇ ਧੜੇਬੰਦੀਆਂ ਤੇ ਦਰਾੜਾਂ ਖਤਮ ਕਰ ਦਿੱਤੀਆਂ ਹਨ। ਕਿਸਾਨ ਆਗੂਆਂ ਦੀ ਏਕਤਾ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਪੰਜਾਬ ਦਾ ਨਾਂ ਦੇਸ਼ ਤੇ ਵਿਦੇਸ਼ਾਂ ’ਚ ਰੌਸ਼ਨ ਕੀਤਾ ਹੈ।