Patran Municipal Council President Election Delayed: ਪਾਤੜਾਂ ਕੌਂਸਲ ਦੀ ਚੋਣ ਤੀਜੀ ਵਾਰ ਮੁਲਤਵੀ
ਵੀਡੀਓਗ੍ਰਾਫੀ ਅਤੇ ਸੁਰੱਖਿਆ ਪ੍ਰਬੰਧਾਂ ਲਈ ਪਟੀਸ਼ਨ ਪੈਣ ਮਗਰੋਂ ਮੁਲਤਵੀ ਹੋਈ
ਨਗਰ ਕੌਂਸਲ ਪਾਤੜਾਂ ਲਈ ਪਈਆਂ ਵੋਟਾਂ ’ਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਬਾਵਜੂਦ ਪ੍ਰਧਾਨਗੀ ਦਾ ਰੇੜਕਾ ਜਾਰੀ ਹੈ। ਸੱਤਾਧਾਰੀ ਪਾਰਟੀ ਦੋ ਧੜਿਆਂ ’ਚ ਵੰਡੀ ਗਈ ਹੈ। ਸ਼ਹਿਰ ਦੇ 17 ਵਾਰਡਾਂ ਲਈ ਹੋਈ ਚੋਣ ’ਚ ਸੱਤਾਧਾਰੀ ਪਾਰਟੀ ਨੂੰ ਦਸ, ਕਾਂਗਰਸ ਨੂੰ ਚਾਰ, ਭਾਜਪਾ ਦੇ ਦੋ ਅਤੇ ਇੱਕ ਆਜ਼ਾਦ ਉਮੀਦਵਾਰ ਨੇ ਬਾਜ਼ੀ ਮਾਰੀ ਸੀ। ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੀਆਂ ਕਿਆਸ-ਅਰਾਈਆਂ ਦੌਰਾਨ ਆਮ ਆਦਮੀ ਪਾਰਟੀ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ ਕਾਲੇਕਾ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ। ਉਹ ਕਾਂਗਰਸ ਸਰਕਾਰ ਸਮੇਂ ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਰਹਿ ਚੁੱਕੇ ਹਨ। ਦੂਜੇ ਪਾਸੇ ਪਾਰਟੀ ਦੇ ਸਰਗਰਮ ਵਰਕਰ ਅਤੇ ਵਾਰਡ ਨੰਬਰ ਇੱਕ ਤੋਂ ਬਿਨਾਂ ਮੁਕਾਬਲਾ ਜੇਤੂ ਰਹੇ ਕੁਲਦੀਪ ਸਿੰਘ ਥਿੰਦ, ਵਾਰਡ ਨੰਬਰ ਅੱਠ ਤੋਂ ਜਿੱਤੇ ਮਨਵੀਰ ਸਿੰਘ ਸੰਧੂ ਅਤੇ ਦੂਜੀ ਵਾਰ ਕੌਂਸਲਰ ਬਣੀ ਪ੍ਰੀਤੀ ਜੈਨ ਦਾ ਨਾਮ ਚਰਚਾ ’ਚ ਹੈ। ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਦੋ ਧੜਿਆਂ ਵਿੱਚ ਵੰਡੀ ਗਈ। ਅੰਮ੍ਰਿਤਪਾਲ ਸਿੰਘ ਕਾਲੇਕਾ ਦੇ ਧੜੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਦੋ ਅਤੇ ਇੱਕ ਕਾਂਗਰਸੀ ਕੌਂਸਲਰ ਦਾ ਸਮਰਥਨ ਹਾਸਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦੋਂਕਿ ਦੂਜੇ ਪਾਸੇ ਕੁਲਦੀਪ ਸਿੰਘ ਥਿੰਦ ਅਤੇ ਮਨਵੀਰ ਸਿੰਘ ਸੰਧੂ ਪ੍ਰਧਾਨਗੀ ਦੇ ਦਾਅਵੇਦਾਰ ਦੱਸੇ ਜਾਦੇ ਹਨ। ਆਮ ਆਦਮੀ ਪਾਰਟੀ ਦੇ ਇਹ ਦੋਵੇਂ ਆਗੂ ਪਾਰਟੀ ਦੇ ਫਾਊਂਡਰ ਮੈਂਬਰ ਹਨ। ਕਾਂਗਰਸੀ ਕੌਂਸਲਰ ਕ੍ਰਿਸ਼ਨ ਸਿੰਘ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪ੍ਰਧਾਨਗੀ ਦੀ ਪ੍ਰਕਿਰਿਆ ਦੌਰਾਨ ਵੀਡੀਓਗ੍ਰਾਫੀ ਅਤੇ ਸੁਰੱਖਿਆ ਪ੍ਰਬੰਧਾਂ ਲੈ ਕੇ ਪਾਈ ਗਈ ਪਟੀਸ਼ਨ ਮਗਰੋਂ ਅੱਜ ਤੀਸਰੀ ਵਾਰ ਚੋਣ ਰੱਦ ਹੋਈ ਹੈ।
