ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਖੱਜਲ-ਖੁਆਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਜੂਨ
ਅੱਜ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਗੌਰਮਿੰਟ ਮੈਡੀਕਲ ਕਾਲਜ, ਪਟਿਆਲਾ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਲਈ ਓਪੀਡੀ, ਓਟੀ ਅਤੇ ਹੋਰ ਸਾਰੀਆਂ ਨਾਜ਼ੁਕ ਸੇਵਾਵਾਂ ਨੂੰ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਦੀ ਹੜਤਾਲ ਕਾਰਨ ਰਾਜਿੰਦਰਾ ਹਸਪਤਾਲ ਵਿਚ ਇਲਾਜ ਕਰਾਉਣ ਲਈ ਆਏ ਬਹੁਤ ਸਾਰੇ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਵਾਰਡਾਂ ਵਿੱਚ ਡਾਕਟਰ ਨਾ ਪੁੱਜਣ ਕਰਕੇ ਜ਼ੇਰੇ ਇਲਾਜ ਮਰੀਜ਼ਾਂ ਨੂੰ ਬੇਅਰਾਮੀ ਵਿੱਚੋਂ ਲੰਘਣਾ ਪਿਆ।
ਇਹ ਰੋਸ ਪ੍ਰਦਰਸ਼ਨ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਅਣਦੇਖੀ ਖ਼ਿਲਾਫ਼ ਸੀ, ਜਿਸ ਵਿੱਚ ਕਾਫ਼ੀ ਅਰਸਾ ਬੀਤਣ ਤੋਂ ਬਾਅਦ ਦੋ ਸਾਲ ਦੀ ਲਾਜ਼ਮੀ ਸਰਵਿਸ ਬਾਂਡ ਅਤੇ ਰੈਜ਼ੀਡੈਂਟਸ ਲਈ ਘੱਟ ਸਟੀਪੈਂਡ ਨੂੰ ਵਧਾਉਣ ਦੀ ਮੰਗ ਸ਼ਾਮਲ ਹੈ। ਇਹ ਸਟੀਪੈਂਡ ਕਈ ਮਹੀਨਿਆਂ ਤੋਂ ਵਧਾਇਆ ਨਹੀਂ ਗਿਆ ਹੈ ਹਾਲਾਂਕਿ ਕਈ ਵਾਰੀ ਸਰਕਾਰ ਨੂੰ ਇਹ ਮੰਗ ਪੇਸ਼ ਕੀਤੀ ਗਈ। ਹੋਰ ਨਾਰਾਜ਼ਗੀ ਦਾ ਕਾਰਨ ਇਹ ਵੀ ਹੈ ਕਿ ਇੰਟਰਨ ਅਤੇ ਰੈਜ਼ੀਡੈਂਟਸ ਲਈ ਪੰਜਾਬ ਵਿੱਚ ਦਿੱਤਾ ਜਾਣ ਵਾਲਾ ਸਟੀਪੈਂਡ ਦੇਸ਼ ਵਿੱਚ ਰਾਸ਼ਟਰੀ ਮਾਪਦੰਡਾਂ ਤੋਂ ਕਾਫ਼ੀ ਘੱਟ ਹੈ ਅਤੇ ਮਹਿੰਗਾਈ ਦੀ ਦਰ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਹਾਲ ਹੀ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਫ਼ੀਸ 10 ਲੱਖ ਕਰ ਦਿੱਤੀ ਗਈ ਹੈ, ਜੋ ਕਿ ਵਿਦਿਆਰਥੀਆਂ ਉੱਤੇ ਵੱਡਾ ਆਰਥਿਕ ਭਾਰ ਪਾਇਆ ਜਾ ਰਿਹਾ ਹੈ। ਇੱਕ ਪਾਸੇ ਵਧੀਆਂ ਹੋਈਆਂ ਫ਼ੀਸਾਂ ਤੇ ਦੂਜੇ ਪਾਸੇ ਘੱਟ ਸਟੀਪੈਂਡ ਇਹ ਮਾਮਲਾ ਪੰਜਾਬ ਵਿੱਚ ਸਿਹਤ ਵਿਭਾਗ ਦੇ ਭਵਿੱਖ ਉੱਤੇ ਪ੍ਰਸ਼ਨ ਚਿੰਨ੍ਹ ਲਾ ਰਿਹਾ ਹੈ। ਕਈ ਵਾਰੀ ਮੰਗੀਆਂ ਗਈਆਂ ਮੰਗਾਂ ਮੰਨਣ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਵੀ ਸਰਕਾਰ ਵੱਲੋਂ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ, ਜਿਸ ਕਰਕੇ ਡਾਕਟਰਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਿਆ। ਇਹ ਰੋਸ ਪ੍ਰਦਰਸ਼ਨ ਡਾ. ਰਮਨਦੀਪ ਸਿੰਘ, ਡਾ. ਮਿਲਨ, ਡਾ. ਮਹਿਤਾਬ ਸਿੰਘ, ਡਾ. ਅਕਸ਼ੈ ਅਤੇ ਡਾ. ਗੁਰਭਗਤ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ, ਜਿਸ ਵਿੱਚ 500 ਤੋਂ ਵੱਧ ਰੈਜ਼ੀਡੈਂਟ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵੇਲੇ ਐਮਰਜੈਂਸੀ ਸੇਵਾਵਾਂ, ਜ਼ੱਚਾ-ਬੱਚਾ ਸੰਭਾਲ ਵਾਰਡ ਤੇ ਹੋਰ ਜ਼ਰੂਰੀ ਸੇਵਾਵਾਂ ਵਿਚ ਡਾਕਟਰਾਂ ਨੇ ਕੰਮ ਕੀਤਾ।