PatialaNews: ਗੁਰਦੇਵ ਟਿਵਾਣਾ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਣੇ
ਬਿੰਦਰ ਕੌਰ ਦੀ ਉਪ ਚੇਅਰਪਰਸਨ ਵਜੋਂ ਚੋਣ; ਸਿਹਤ ਮੰਤਰੀ ਤੇ ਜੌੜਾਮਾਜਰਾ ਦੀ ਮੌਜੂਦਗੀ ’ਚ ਸੰਭਾਲੇ ਅਹੁਦੇ
ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ਦੌਰਾਨ ਨੌਜਵਾਨ ਆਗੂ ਗੁਰਦੇਵ ਸਿੰਘ ਟਿਵਾਣਾ ਨੂੰ ਚੇਅਰਮੈਨ ਚੁਣ ਲਿਆ ਗਿਆ ਹੈ। ਉਹ ਜ਼ਿਲ੍ਹਾ ਪਰਿਸ਼ਦ ਜ਼ੋਨ ਬੰਮਣਾ (ਜਨਰਲ) ਤੋਂ ਮੈਂਬਰ ਹਨ। ਜਦਕਿ ਬਿੰਦਰ ਕੌਰ ਦੀ ਉਪ ਚੇਅਰਪਰਸਨ ਵਜੋਂ ਚੋਣ ਕੀਤੀ ਗਈ, ਜੋ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਦਫ਼ਤਰੀਵਾਲ (ਰਿਜ਼ਰਵ ਐੱਸ ਸੀ ਮਹਿਲਾ) ਤੋਂ ਮੈਂਬਰ ਹਨ।
ਸਰਕਾਰ ਵੱਲੋਂ ਜਾਰੀ ਰਿਜ਼ਰਵੇਸ਼ਨ ਨੋਟੀਫੀਕੇਸ਼ਨ ਅਨੁਸਾਰ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਚੇਅਰਮੈਨ ਦੀ ਆਸਾਮੀ ਜਨਰਲ ਅਤੇ ਵਾਈਸ ਚੇਅਰਮੈਨ ਐੱਸ ਸੀ (ਇਸਤਰੀ) ਲਈ ਰਾਖਵੀਂ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਹੀ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ਤਹਿਤ ਪ੍ਰੀਜਾਈਡਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਪਟਿਆਲਾ ਦੀ ਨਿਗਰਾਨੀ ਹੇਠ ਇਹ ਚੋਣ ਹੋਈ।
ਇਸ ਮੌਕੇ ਮਗਰੋਂ ਦੋਵਾਂ ਅਹੁਦੇਦਾਰਾਂ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ’ਚ ਆਪਣੇ ਅਹੁਦੇ ਵੀ ਸੰਭਾਲ ਲਏ ਹਨ। ਦੋਵਾਂ ਅਹੁਦੇਦਾਰਾਂ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਵੀ ਲਿਆ। ਇਸ ਮੌਕੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਅਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਵਿਰਕ, ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਗੱਜੂਮਾਜਰਾ ਤੇ ਹਰਜਿੰਦਰ ਜੌੜਾਮਾਜਰਾ ਸਣੇ ਹੋਰ ਆਗੂ ਵੀ ਹਾਜ਼ਰ ਸਨ।

