ਪਟਿਆਲਾ ਪੁਲੀਸ ਵੱਲੋਂ 630 ਲਿਟਰ ਲਾਹਣ ਤੇ 289 ਬੋਤਲਾਂ ਸ਼ਰਾਬ ਬਰਾਮਦ

ਨਾਜਾਇਜ਼ ਸ਼ਰਾਬ ਖ਼ਿਲਾਫ਼ ਮੁਹਿੰਮ ਤਹਿਤ 15 ਖ਼ਿਲਾਫ਼ ਕੇਸ ਦਰਜ ਤੇ 10 ਮੁਲਜ਼ਮ ਗ੍ਰਿਫ਼ਤਾਰ

ਪਟਿਆਲਾ ਪੁਲੀਸ ਵੱਲੋਂ 630 ਲਿਟਰ ਲਾਹਣ ਤੇ 289 ਬੋਤਲਾਂ ਸ਼ਰਾਬ ਬਰਾਮਦ

ਸਹਾਇਕ ਥਾਣੇਦਾਰ ਜਸਪਾਲ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ ਲਾਹਣ ਬਰਾਮਦ ਕਰਦੇ ਹੋਏ।

ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਅਗਸਤ

ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲਿਆਂ ਵਿਰੁੱਧ ਪਟਿਆਲਾ ਪੁਲੀਸ ਦੀ ਮੁਹਿੰਮ ਅੱਜ ਚੌਥੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚੋਂ 630 ਲਿਟਰ ਲਾਹਣ, 289 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ ਕੁਝ ਮੁਲਜ਼ਮ ਫ਼ਰਾਰ ਹੋ ਗਏ। ਇਸ ਦੌਰਾਨ ਵੱਖ-ਵੱਖ ਥਾਣਿਆਂ ’ਚ ਪੰਦਰਾਂ ਕੇਸ ਦਰਜ ਕੀਤੇ ਗਏ ਹਨ।

ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਐੱਸਪੀ (ਡਿਟੈਕਟਿਵ) ਹਰਮੀਤ ਸਿੰਘ ਹੁੰਦਲ ਅਤੇ ਡੀਐੱਸਪੀ (ਡਿਟੈਕਟਿਵ) ਕ੍ਰਿਸ਼ਨ ਕੁਮਾਰ ਪਾਂਥੇ ਦੀ ਅਗਵਾਈ ਹੇਠ, ਸੀਆਈਏ ਪਟਿਆਲਾ ਦੀਆਂ ਟੀਮਾਂ ਨੇ ਥਾਣਾ ਸਦਰ ਪਟਿਆਲਾ ਦੇ ਪਿੰਡ ਕੌਲੀ ਵਿਚ ਛਾਪਾ ਮਾਰ ਕੇ 400 ਲਿਟਰ ਲਾਹਣ ਬਰਾਮਦ ਕੀਤਾ। ਇਸ ਟੀਮ ਵਿਚ ਸੀਆਈਏ ਪਟਿਆਲਾ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ ਸ਼ਾਮਲ ਸਨ।

ਇਸੇ ਤਰ੍ਹਾਂ ਥਾਣਾ ਕੋਤਵਾਲੀ ਪਟਿਆਲਾ ਦੀ ਪੁਲੀਸ ਨੇ ਪਟਿਆਲਾ ਸ਼ਹਿਰ ਦੇ ਜੱਟਾਂ ਵਾਲ਼ਾ ਚੌਂਤਰਾ ਦੇ ਹਨੀ ਨੂੰ ਗ੍ਰਿਫ਼ਤਾਰ ਕਰ ਕੇ 48 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ। ਜਦੋਂਕਿ ਜ਼ਿਲ੍ਹੇ ਦੇ ਪਿੰਡ ਮਰੌੜੀ ਤੋਂ 110 ਲਿਟਰ ਲਾਹਣ, ਹਰਿਆਉ ਖੁਰਦ ਤੋਂ 80 ਲਿਟਰ ਲਾਹਣ ਅਤੇ ਪਿੰਡ ਬੂਟਾ ਸਿੰਘ ਵਾਲਾ ਤੋਂ 40 ਲਿਟਰ ਲਾਹਣ ਬਰਾਮਦ ਕੀਤਾ ਗਿਆ ਹੈ।

265 ਲਿਟਰ ਲਾਹਣ, 57 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਲੌਂਗੋਵਾਲ (ਜਗਤਾਰ ਸਿੰਘ ਨਹਿਲ): ਥਾਣਾ ਲੌਂਗੋਵਾਲ ਦੀ ਪੁਲੀਸ ਨੇ ਪਿੰਡਾਂ ਰੱਤੋ ਕੇ, ਤਕੀਪੁਰ ਤੇ ਢੱਡਰੀਆਂ ਵਿੱਚ ਕੀਤੇ ਸਪੈਸ਼ਲ ਸਰਚ ਆਪ੍ਰੇਸ਼ਨ ਤਹਿਤ 10 ਵਿਅਕਤੀਆਂ ਤੋਂ 265 ਲਿਟਰ ਲਾਹਣ, ਸਾਢੇ 50 ਬੋਤਲਾਂ ਨਾਜਾਇਜ਼ ਸ਼ਰਾਬ ਤੇ 7 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਹੈ। ਥਾਣਾ ਲੌਂਗੋਵਾਲ ਦੇ ਐੱਸਐੱਚਓ ਬਲਵੰਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕਰ ਕੇ ਪਿੰਡਾਂ ਰੱਤੋ ਕੇ, ਤਕੀਪੁਰ ਅਤੇ ਢੱਡਰੀਆਂ ਵਿੱਚ ਘਰ ਘਰ ਦੀ ਲਈ ਤਲਾਸ਼ੀ ਦੌਰਾਨ ਕੀਤੀਆਂ ਬਰਾਮਦਗੀਆਂ ਬਦਲੇ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਅਭਿਆਨ ਤਹਿਤ ਪੁਲੀਸ ਨੇ ਸੋਹਣ ਸਿੰਘ ਵਾਸੀ ਤਕੀਪੁਰ ਤੋਂ 40 ਲਿਟਰ ਲਾਹਣ, ਬੱਖਾ ਸਿੰਘ ਵਾਸੀ ਤਕੀਪੁਰ ਤੋਂ 16 ਬੋਤਲਾਂ ਨਾਜਾਇਜ਼ ਸ਼ਰਾਬ, ਗੁਰਦੀਪ ਸਿੰਘ ਵਾਸੀ ਤਕੀਪੁਰ ਤੋਂ 40 ਲਿਟਰ ਲਾਹਣ, ਗੁਰਦੀਪ ਸਿੰਘ ਵਾਸੀ ਤਕੀਪੁਰ ਤੋਂ 40 ਲਿਟਰ ਲਾਹਣ, ਗੁਰਪ੍ਰੀਤ ਸਿੰਘ ਵਾਸੀ ਰੱਤੋ ਕੇ ਤੋਂ 40 ਲਿਟਰ ਲਾਹਣ ਤੇ 4 ਬੋਤਲਾਂ ਨਜਾਇਜ਼ ਸ਼ਰਾਬ, ਸੁਰਜੀਤ ਸਿੰਘ ਵਾਸੀ ਤਕੀਪੁਰ ਤੋਂ 25 ਲਿਟਰ ਲਾਹਣ ਤੇ 3 ਬੋਤਲਾਂ ਨਾਜਾਇਜ਼ ਸ਼ਰਾਬ, ਗੁਰਜੀਤ ਸਿੰਘ ਵਾਸੀ ਤਕੀਪੁਰ ਤੋਂ 40 ਲਿਟਰ ਲਾਹਣ, ਕਾਲਾ ਸਿੰਘ ਵਾਸੀ ਤਕੀਪੁਰ ਤੋਂ ਸਵਾ 13 ਬੋਤਲਾਂ ਨਾਜਾਇਜ਼ ਸ਼ਰਾਬ, ਸੁਖਵੀਰ ਸਿੰਘ ਵਾਸੀ ਤਕੀਪੁਰ ਤੋਂ 40 ਲਿਟਰ ਲਾਹਣ ਤੇ 6 ਬੋਤਲਾਂ ਨਾਜਾਇਜ਼ ਸ਼ਰਾਬ, ਕੁਲਵਿੰਦਰ ਸਿੰਘ ਵਾਸੀ ਤਕੀਪੁਰ ਤੋਂ 40 ਲਿਟਰ ਲਾਹਣ ਤੇ ਸਵਾ 8 ਬੋਤਲਾਂ ਨਾਜਾਇਜ਼ ਸ਼ਰਾਬ, ਕ੍ਰਿਪਾਲ ਸਿੰਘ ਵਾਸੀ ਰੱਤੋ ਕੇ ਤੋਂ ਪਲਾਸਟਿਕ ਦੀ ਕੈਨੀ ’ਚ 7 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All