ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਸਤੰਬਰ
ਚਿੱਟੇ ਦੇ ਕਾਰੋਬਾਰ ਜ਼ਰੀਏ ਬਣਾਈਆਂ ਜਾਇਦਾਦਾਂ ਜ਼ਬਤ ਕਰਨ ਦੀਆਂ ਕਾਰਵਾਈਆਂ ’ਚ ਪੁਲੀਸ ਨੇ ਹੋਰ ਤੇਜ਼ੀ ਲਿਆਂਦੀ ਹੈ। ਤਸਕਰਾਂ ’ਤੇ ਦਬਾਅ ਵਧਾਉਣ ਦੀ ਇਸ ਰਣਨੀਤੀ ਤਹਿਤ ਪਟਿਆਲਾ ਪੁਲੀਸ ਨੇ ਅੱਜ ਮੁੜ ਰਾਜਗੜ੍ਹ ਦੀ ਇੱਕ ਮਹਿਲਾ ਨਸ਼ਾ ਤਸਕਰ ਦੀ 33.27 ਲੱਖ ਦੀ ਜਾਇਦਾਦ ਜ਼ਬਤ ਕੀਤੀ ਹੈ।
ਪੁਲੀਸ ਵਲੋਂ ਕੁਝ ਦਿਨਾਂ ’ਚ ਹੀ ਪੰਜ ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਉਂਜ ਇਸ ਦੀ ਬਾਜ਼ਾਰੀ ਕੀਮਤ ਕਰੀਬ 100 ਕਰੋੜ ਰੁਪਏ ਹੈ। ਇਸ ਮੁਹਿੰਮ ’ਚ ਪਟਿਆਲਾ ਪੁਲੀਸ ਪੰਜਾਬ ਭਰ ਵਿਚੋਂ ਮੋਹਰੀ ਰਹੀ ਹੈ। ਇਸ ਜ਼ਿਲ੍ਹੇ ’ਚ ਸਭ ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ ਤੇ ਸੱਤ ਹੋਰਾਂ ਖਿਲਾਫ਼ ਵੀ ਕਾਰਵਾਈ ਦੀ ਤਿਆਰੀ ਹੈ।
ਇਹ ਕਾਰਵਾਈ ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ ਹੈ। ਇਹ ਕਾਰਵਾਈ ਐੱਸਪੀ ਹਰਵੀਰ ਅਟਵਾਲ ਤੇ ਸੌਰਵ ਜਿੰਦਲ ਦੀ ਦੇਖ-ਰੇਖ ਅਤੇ ਡੀਐੱਸਪੀ ਨੇਹਾ ਅਗਰਵਾਲ ਅਤੇ ਪਸਿਆਣਾ ਦੇ ਥਾਣਾ ਮੁਖੀ ਕਰਨਬੀਰ ਸੰਧੂ ਵਲੋਂ ਕੀਤੀ ਗਈ ਹੈ। ਇਸ ਮੌਕੇ ਨਸ਼ਾ ਤਸਕਰ ਮਹਿਲਾ ਦੇ ਘਰ ਦੇ ਬਾਹਰ ਜਾਇਦਾਦ ਜ਼ਬਤ ਕਰਨ ਦੇ ਹੁਕਮਾਂ ਦੀ ਕਾਪੀ ਵੀ ਚਿਪਕਾ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਐਲਾਨ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਤੋਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਟਿਆਲਾ ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਵਿਚ ਤੇਜ਼ੀ ਲਿਆ ਦਿੱਤੀ ਹੈ। ਹਰਿਆਣਾ ਨਾਲ ਖੇਤਰ ਲੱਗਦਾ ਹੋਣ ਕਰ ਕੇ ਪਟਿਆਲਾ ਵਿੱਚ ਇੰਟਰਸਟੇਟ ਨਾਕਿਆਂ ਦੀ ਗਿਣਤੀ ਤੇ ਸਮਾਂ ਵਧਾ ਦਿੱਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਨਸ਼ਿਆਂ ਖਿਲਾਫ਼ ਨਿੱਤਰਨ ਵਾਲ਼ੇ ਲੋਕਾਂ ਤੋਂ ਵੀ ਫੀਡਬੈਕ ਲਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਐੱਸਐੱਸਪੀ ਵੱਲੋਂ ਰਾਤ ਵੇਲੇ ਵੀ ਇਨ੍ਹਾਂ ਨਾਕਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਈ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਵਿਚ ਉਨ੍ਹਾਂ ਆਪ ਵੀ ਅਗਵਾਈ ਕੀਤੀ। ਇਸ ਵਰਤਾਰੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਪਿੱਠ ਵੀ ਥਾਪੜੀ ਹੈ। ਇਹ ਵੀ ਖਬਰਾਂ ਹਨ ਕਿ ਕਈ ਵਾਰ ਤਾਂ ਪੁਲੀਸ ਮੁਖੀ ਰਾਤ ਹੀ ਗੱਡੀ ’ਚ ਗੁਜ਼ਾਰ ਦਿੰਦੇ ਹਨ। ਆਪਣੇ ਮੁਖੀ ਦੇ ਅਜਿਹੇ ਸ਼ਿੱਦਤ ਭਰੇ ਲਹਿਜ਼ੇ ਕਰਕੇ ਜ਼ਿਲ੍ਹਾ ਪੁਲੀਸ ਵੀ ਨਸ਼ਾ ਵਿਰੋਧੀ ਮੁਹਿੰਮ ਨੂੰ ਅਹਿਮ ਮਿਸ਼ਨ ਵਜੋਂ ਲੈ ਰਹੀ ਹੈ। ਡੀਜੀਪੀ ਗੌਰਵ ਯਾਦਵ ਵੱਲੋਂ ਪਹਿਲਾਂ ਹੀ ਲੋਕਾਂ ਨਾਲ ਸਾਂਝ ਹੋਰ ਗੂੜ੍ਹੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਪਹਿਲਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਜ਼ਿਲ੍ਹੇ ਦੀ ਪੁਲੀਸ ਫੋਰਸ ਸ਼ਿੱਦਤ ਨਾਲ ਇਸ ਮੁਹਿੰਮ ’ਚ ਹਿੱਸਾ ਲੈ ਰਹੀ ਹੈ, ਉਥੇ ਹੀ ਆਮ ਲੋਕ ਵੀ ਨਸ਼ਾ ਤਸਕਰਾਂ ਖ਼ਿਲਾਫ਼ ਅੱਗੇ ਆ ਰਹੇ ਹਨ।