ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਕਤੂਬਰ
ਮੁੱਖ ਮੰਤਰੀ ਦੇ ਜ਼ਿਲ੍ਹੇ ਨਾਲ ਸਬੰਧਤ ਸ਼ਾਹੀ ਸ਼ਹਿਰ ਪਟਿਆਲਾ ਦੀ ਪੁਲੀਸ ਨੇ ‘ਸਮਾਰਟ ਪੁਲੀਸਿੰਗ’ ਵੱਲ ਇੱਕ ਹੋਰ ਕਦਮ ਵਧਾ ਲਿਆ ਹੈ, ਜਿਸ ਦੌਰਾਨ ‘ਈ-ਡੋਜ਼ੀਅਰ ਅਤੇ ਵੈਰੀਪਟਿਆਲਾ’ ਨਾਮ ਦੇ ਵੈੱਬ ਆਧਾਰਤ ਦੋ ਹੋਰ ਨਿਵੇਕਲੇ ਉਪਰਾਲੇ ਕੀਤੇ ਹਨ। ਇਨ੍ਹਾਂ ਦੋਵਾਂ ਪ੍ਰਾਜੈਕਟਾਂ ਦਾ ਉਦਘਾਟਨ ਪਟਿਆਲਾ ਰੇਂਜ ਦੇ ਆਈ ਜੀ ਜਤਿੰਦਰ ਸਿੰਘ ਔਲਖ ਅਤੇ ਐੱਸ ਐੱਸ ਪੀ ਵਿਕਰਮਜੀਤ ਦੁੱਗਲ ਨਾਲ ਮਿਲ ਕੇ ‘ਬਿਊਰੋ ਆਫ਼ ਇਨਵੈਸਟੀਗੇਸ਼ਨ’ ਪੰਜਾਬ ਦੇ ਡਾਇਰੈਕਟਰ ਅਰਪਿਤ ਸ਼ੁਕਲਾ ਨੇ ਕੀਤਾ।
ਈ-ਡੋਜ਼ੀਅਰ ਪਟਿਆਲਾ ਪੁਲੀਸ ਦਾ ਇੱਕ ਅੰਤਰ-ਵਿਭਾਗੀ ਉਪਰਾਲਾ ਹੈ, ਜੋ ਅਪਰਾਧੀਆਂ ਨਾਲ ਸਬੰਧਤ ਅਤੇ ਜੁਰਮ ਸਬੰਧੀ ਸੂਚਨਾ ਇਕੱਤਰ ਕਰਨ ਨੂੰ ਸੁਖਾਲਾ ਕਰਨ ਦੇ ਮੰਤਵ ਨਾਲ ਬਣਾਇਆ ਗਿਆ ਹੈ। ਇਹ ਪੋਰਟਲ ਕਿਸੇ ਵੀ ਅਪਰਾਧੀ ਬਿਰਤੀ ਵਾਲੇ ਜਾਂ ਸ਼ੱਕੀ ਵਿਅਕਤੀ ਦੇ ਪਰਿਵਾਰਕ ਪਿਛੋਕੜ, ਬੈਂਕ ਜਾਣਕਾਰੀ ਤੇ ਉਸ ਦੇ ਸੋਸ਼ਲ ਮੀਡੀਆ ਬਾਰੇ ਸਮੁੱਚੀ ਜਾਣਕਾਰੀ 360 ਡਿਗਰੀ ਪ੍ਰੋਫਾਈਲ ਨਾਲ ਲੈਸ ਹੋਵੇਗਾ, ਜੋ ਕਿ ਪੁਲੀਸ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੋਵੇਗਾ।
ਇਸੇ ਤਰ੍ਹਾਂ ‘ਵੈਰੀ-ਪਟਿਆਲਾ’ ਵੀ ਇੱਕ ਅਜਿਹਾ ਉਦਮ ਹੈ। ਉਸ ਦਾ ਮੰਤਵ ਬਾਹਰੋਂ ਆਉਣ ਵਾਲੇ ਅਜਿਹੇ ਵਿਅਕਤੀਆਂ ਦੀ ਸੂਚਨਾ ਇਕੱਤਰ ਕਰਨਾ ਹੈ, ਜਿਹੜੇ ਕਿ ਪਟਿਆਲਾ ’ਚ ਰਹਿਣ ਦੇ ਚਾਹਵਾਨ ਹਨ, ਉਹ ਭਾਵੇਂ ਕਿਰਾਏਦਾਰ, ਕਾਮੇ ਜਾਂ ਘਰੇਲੂ ਨੌਕਰ ਆਦਿ ਹੋਣ। ਇਸ ਪ੍ਰਾਜੈਕਟ ਦਾ ਉਦੇਸ਼ ਆਮ ਨਾਗਰਿਕਾਂ ਨੂੰ ਉਤਸ਼ਾਹਤ ਕਰਨਾ ਹੈ ਕਿ ਉਹ ਆਪਣੇ ਕੋਲ ਕੰਮ ਕਰਦੇ ਵਿਅਕਤੀਆਂ, ਘਰਾਂ ਅਤੇ ਦਫ਼ਤਰਾਂ ਆਦਿ ਦੀ ਸੂਚਨਾ ਇਸ ਵੈੱਬਸਾਈਟ ’ਤੇ ਸਾਂਝੀ ਕਰਨ, ਤਾਂ ਕਿ ਭਵਿੱਖ ’ਚ ਕਿਸੇ ਅਣਸੁਖਾਵੀਂ ਘਟਨਾਂ ਵਾਪਰਨ ਦੀ ਸੂਰਤ ਅਪਰਾਧੀ ਨੂੰ ਸਹਿਜੇ ਹੀ ਲੱਭਿਆ ਜਾ ਸਕੇ। ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਸਬੰਧੀ ਇੱਕ ਵੈੱਬ ਲਿੰਕ ਡਬਲਿਊ ਡਬਲਿਊ. ਵੈਰੀਪਟਿਆਲਾ. ਕਾਮ ਵੀ ਤਿਆਰ ਕੀਤਾ ਗਿਆ ਹੈ, ਜਿਸ ਰਾਹੀ ਆਮ ਨਾਗਰਿਕ ਪੜਤਾਲ ਕਰਵਾਉਣ ਲਈ ਸਬੰਧਤ ਦਾ ਨਾਮ, ਫੋਨ ਨੰਬਰ ਅਤੇ ਪਛਾਣ ਪੱਤਰ ਆਦਿ ਚੜ੍ਹਾ ਸਕਦੇ ਹਨ।
ਸ੍ਰੀ ਸ਼ੁਕਲਾ ਨੇ ਪਟਿਆਲਾ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਅਤ ਮਾਹੌਲ ਤੇ ਜੁਰਮ ਰਹਿਤ ਮਾਹੌਲ ਸਿਰਜਣ ਲਈ ਪੁਲੀਸ ਨੂੰ ਸਹਿਯੋਗ ਦੇਣ ਅਤੇ ਇਸ ਵੈੱਬ ਲਿੰਕ ਦੀ ਵਰਤੋਂ ਕਰਕੇ ਸੂਚਨਾ ਸਾਂਝੀ ਕਰਨ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠਾਂ ਪਹਿਲਾਂ ਵੀ ਪਟਿਆਲਾ ਪੁਲੀਸ ਕਈ ਨਿਵੇਕਲੇ ਕਾਰਜ ਕਰ ਚੁੱਕੀ ਹੈ। ਜਿਨ੍ਹਾਂ ’ਚ ਸ਼ਰਾਰਤੀ ਅਨਸਰਾਂ ਵੱਲੋਂ ਕਰੋਨਾ ਮ੍ਰਿਤਕਾਂ ਦੇ ਅੰਗ ਕੱਢਣ ਅਤੇ ਫੰਡਾਂ ਦੀ ਖਾਤਰ ਤੰਦਰੁਸਤ ਵਿਅਕਤੀਆਂ ਨੂੰ ਵੀ ਪਾਜ਼ੇਟਿਵ ਕਰਾਰ ਦੇ ਕੇ ਲੋਕਾਂ ਨੂੰ ਭੜਕਾਉਣ ਦਾ ਮਾਮਲਾ ਵੀ ਪਟਿਆਲਾ ਪੁਲੀਸ ਨੇ ਹੀ ਹੱਲ ਕਰਵਾਇਆ। ਪਟਿਆਲਾ ਪੁਲੀਸ ਨੇ ਹਾਲ ਹੀ ’ਚ ਇੱਕ ਇੱਕ ਦਿਨ ਦੀ ਤਨਖਾਹ ਕਟਵਾ ਦੇ ਕਰੋਨਾ ਨਾਲ ਫੌਤ ਹੋਏ ਇੱਕ ਥਾਣੇਦਾਰ ਅਤੇ ਇੱਕ ਹੋਮਗਾਰਜ ਜਵਾਨ ਦੇ ਵਾਰਸਾਂ ਨੂੰ ਦਸ ਦਸ ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਉਪਰਾਲਾ ਵੀ ਅਹਿਮ ਰਿਹਾ।