ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਸਤੰਬਰ
ਪਟਿਆਲਾ ਸਿਟੀ-1 ਦੇ ਟਰੈਫ਼ਿਕ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਈਂ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਖਾਸ ਕਰ ਕੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਗਿਆ। ਜਿਸ ਦੌਰਾਨ ਇੰਚਾਰਜ ਬਲਜੀਤ ਸਿੰਘ ਨੇ ਖੁਦ ਪੁਲੀਸ ਮੁਲਾਜ਼ਮਾਂ ਦੇ ਨਾਲ ਹੋ ਕੇ ਬੱਸਾਂ ਅਤੇ ਟਰੱਕਾਂ ਸਮੇਤ ਹੋਰ ਵਾਹਨਾ ਦੇ ਚਾਲਕਾਂ ਦੀ ਸ਼ਰਾਬ ਪੀਣ ਸਬੰਧੀ ਐਲਕੋਮੀਟਰ ਦੇ ਨਾਲ ਜਾਂਚ ਕੀਤੀ ਗਈ।
ਇਸ ਦੌਰਾਨ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਭਾਵੇਂ ਨਾਮਾਤਰ ਹੀ ਫਸੇ, ਪਰ ਤੇਜ਼ ਰਫ਼ਤਾਰ ਨਾਲ ਬੱਸਾਂ, ਟਰੱਕ ਅਤੇ ਖਾਸ ਕਰ ਕੇ ਸਵਾਰੀਆਂ ਢੋਣ ਵਾਲੇ ਆਟੋ ਰਿਕਸ਼ਾ ਚਾਲਕਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਏਐੱਸਆਈ ਭੁਪਿੰਦਰ ਸਿੰਘ ਜੰਮੂ ਵੀ ਮੌਜੂਦ ਸਨ।
ਇਸੇ ਤਰ੍ਹਾਂ ਐੱਸਐੱਸਪੀ ਵਰੁਣ ਸ਼ਰਮਾ ਦੀ ਵਿਸ਼ੇਸ਼ ਹਦਾਇਤ ’ਤੇ ਪੁਲੀਸ ਨੇ ਥਾਰ ਅਤੇ ਹੋਰ ਮਹਿੰਗੀਆਂ ਕਾਰਾਂ ’ਤੇ ਕਾਲੀਆਂ ਫਿਲਮਾਂ ਅਤੇ ਜਾਲੀਆਂ ਲਾ ਕੇ ਗੇੜੀਆਂ ਮਾਰਨ ਵਾਲੇ ‘ਕਾਕਿਆਂ’ ਨੂੰ ਵੀ ਲੰਬੇ ਹੱਥੀਂ ਲਿਆ। ਟਰੈਫ਼ਿਕ ਇੰਚਾਰਜ ਬਲਜੀਤ ਸਿੰਘ ਦੀ ਨਿਗਰਾਨੀ ਹੇਠਾਂ ਏਐਸਆਈ ਨਰਪਾਲ ਸਿੰਘ ਪੰਨੂ ਵੱਲੋਂ ‘ਵਾਈਪੀਐੱਸ ਚੌਕ’ ਵਿੱਚ ਵਿਸ਼ੇਸ਼ ਨਾਕਾ ਲਾ ਕੇ ਅਜਿਹੇ ਕਈ ਮਨਚਲਿਆਂ ਦੀਆਂ ਕਾਰਾਂ ਤੋਂ ਕਾਲੀਆਂ ਫਿਲਮਾਂ ਉਤਾਰੇ ਜਾਣ ਸਮੇਤ ਸ਼ੀਸ਼ਿਆਂ ’ਤੇ ਲਾਈਆਂ ਜਾਲੀਆਂ ਵੀ ਜ਼ਬਤ ਕੀਤੀਆਂ ਗਈਆਂ। ਨਰਪਾਲ ਪੰਨੂ ਦਾ ਕਹਿਣਾ ਸੀ ਕਿ ਕਈਆਂ ਨੂੰ ਤਾਂ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ, ਪਰ ਕੁਝ ਦੇ ਤਾਂ ਚਲਾਨ ਵੀ ਕੀਤੇ ਗਏ ਹਨ।
ਐੱਸਪੀ ਟਰੈਫਿਕ ਜਸਬੀਰ ਸਿੰਘ ਅਤੇ ਡੀਐੱਸਪੀ ਕਰਮਵੀਰ ਤੂਰ ਦਾ ਕਹਿਣਾ ਸੀ ਕਿ ਸ਼ਹਿਰ ਵਿਚਲੇ ਹੋਰ ਟਰੈਫਿਕ ਮੁਲਾਜ਼ਮਾਂ ਵੱਲੋਂ ਵੀ ਅਜਿਹੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਨੇਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤਾ ਜਾਵੇਗੀ। ਉਨ੍ਹਾਂ ਸਾਰਿਆਂ ਨੂੰ ਟਰੈਫਿਕ ਨੇਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਪੁਲੀਸ ਦਾ ਸਾਥ ਦੇਣ ਲਈ ਕਿਹਾ।