ਪਟਿਆਲਾ ਪੁਲੀਸ ਵੱਲੋਂ ਸੱਤ ਪਿਸਤੌਲਾਂ ਸਮੇਤ ਦੋ ਗ੍ਰਿਫ਼ਤਾਰ
ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਕੀਤਾ ਜਾਵੇਗਾ ਹਾਸਲ
ਸੀ ਆਈ ਏ ਸਟਾਫ਼ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸਿਮਰਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਐੱਸ ਐੱਸ ਬੀ ਦੇ ਇੱਕ ਜਵਾਨ ਅਤੇ ਇੱਕ ਹੋਰ ਵਿਅਕਤੀ ਨੂੰ ਸੱਤ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ।ਇਹ ਜਾਣਕਾਰੀ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਅੱਜ ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਮਨਦੀਪ ਸਿੰਘ ਉਰਫ ਫ਼ੌਜੀ (ਵਾਸੀ ਪਿੰਡ ਤਲਵੰਡੀ, ਥਾਣਾ ਭਦੌੜ, ਜ਼ਿਲ੍ਹਾ ਬਰਨਾਲਾ) ਅਤੇ ਗਗਨਦੀਪ ਸਿੰਘ (ਵਾਸੀ ਪਿੰਡ ਜੰਗੀਆਣਾ, ਥਾਣਾ ਭਦੌੜ, ਜ਼ਿਲ੍ਹਾ ਬਰਨਾਲਾ) ਸ਼ਾਮਲ ਹਨ।
ਪੁਲੀਸ ਮੁਖੀ ਨੇ ਦੱਸਿਆ ਕਿ ਮਨਦੀਪ ਸਿੰਘ ਉਰਫ ਫੌਜੀ, ਜੋ ਕਿ ਬਲਰਾਮਪੁਰ (ਯੂਪੀ) ਵਿੱਚ ਸ਼ਸ਼ਤਰ ਸੀਮਾ ਬਲ (ਐੱਸ ਐੱਸ ਬੀ) ਦੀ 50ਵੀਂ ਬਟਾਲੀਅਨ ਦਾ ਜਵਾਨ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਨੇਪਾਲ ਸਰਹੱਦ 'ਤੇ ਤਾਇਨਾਤ ਹੈ, ਪਰੰਤੂ ਹੁਣ ਉਹ ਛੁੱਟੀ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਤਰ੍ਹਾਂ ਦੇ ਕੇਸ ਦਰਜ ਹਨ। ਇਸ ਕੇਸ ਦੇ ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।

