Patiala News: ਪਟਿਆਲਾ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਪਟਿਆਲਾ ਸ਼ਹਿਰ ਵਿੱਚ ਨੌਜਵਾਨਾਂ ਦੇ ਇੱਕ ਗਰੁੱਪ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਇੱਕ 29 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਮਲਿਕ ਵਜੋਂ ਹੋਈ ਹੈ, ਜਿਸ ’ਤੇ 28 ਮਈ ਨੂੰ ਸ਼ਹਿਰ ਦੇ...
ਪਟਿਆਲਾ ਸ਼ਹਿਰ ਵਿੱਚ ਨੌਜਵਾਨਾਂ ਦੇ ਇੱਕ ਗਰੁੱਪ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਇੱਕ 29 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਮਲਿਕ ਵਜੋਂ ਹੋਈ ਹੈ, ਜਿਸ ’ਤੇ 28 ਮਈ ਨੂੰ ਸ਼ਹਿਰ ਦੇ ਹੀਰਾ ਬਾਗ ਇਲਾਕੇ ਦੀ ਗਲੀ ਨੰਬਰ-2 ਵਿੱਚ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ। ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਬਦਕਿਸਮਤੀ ਨਾਲ ਡਾਕਟਰਾਂ ਵੱਲੋਂ ਅਪਰੇਸ਼ਨ ਕੀਤੇ ਜਾਣ ਤੋਂ ਪਹਿਲਾਂ ਹੀ ਕੱਲ੍ਹ ਉਸ ਦੀ ਮੌਤ ਹੋ ਗਈ।
ਪੁਲੀਸ ਅਨੁਸਾਰ ਪੀੜਤ ਦੇ ਭਰਾ ਹਿਮਾਂਸ਼ੂ ਮਲਿਕ, ਜੋ ਅਰਬਨ ਅਸਟੇਟ ਪਟਿਆਲਾ ਦਾ ਵਸਨੀਕ ਹੈ, ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਅਭਿਸ਼ੇਕ ਨੇ ਹਾਲ ਹੀ ਵਿੱਚ ਇੱਕ ਨੌਜਵਾਨ ਔਰਤ ਨੂੰ ਬਚਾਉਣ ਵਿੱਚ ਮਦਦ ਕੀਤੀ ਸੀ, ਜਿਸ ਨੂੰ ਕਥਿਤ ਤੌਰ 'ਤੇ ਚੌੜਾ ਪਿੰਡ ਵਿੱਚ ਗੁਰਸੇਵਕ ਸਿੰਘ ਨਾਮਕ ਵਿਅਕਤੀ ਨੇ ਆਪਣੇ ਘਰ ਵਿੱਚ ਕੈਦ ਕਰਕੇ ਰੱਖਿਆ ਸੀ। ਇਹ ਬਚਾਅ ਕਾਰਜ ਪਿੰਡ ਦੀ ਪੰਚਾਇਤ ਦੀ ਮਦਦ ਨਾਲ ਕੀਤਾ ਗਿਆ ਸੀ।
ਹਿਮਾਂਸ਼ੂ ਨੇ ਦੋਸ਼ ਲਾਇਆ ਕਿ ਗੁਰਸੇਵਕ ਸਿੰਘ, ਜੋ ਇਸ ਘਟਨਾ ਤੋਂ ਨਾਰਾਜ਼ ਸੀ ਅਤੇ ਅਪਮਾਨਿਤ ਮਹਿਸੂਸ ਕਰ ਰਿਹਾ ਸੀ, ਨੇ ਪੰਜ ਤੋਂ ਛੇ ਹੋਰ ਨੌਜਵਾਨਾਂ ਨਾਲ ਸਾਜ਼ਿਸ਼ ਰਚੀ ਅਤੇ ਅਭਿਸ਼ੇਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਉਸਨੂੰ ਮੌਕੇ 'ਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ।
ਜ਼ਖ਼ਮੀ ਅਭਿਸ਼ੇਕ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਸ਼ਿਕਾਇਤ ਦੇ ਆਧਾਰ ’ਤੇ ਪਟਿਆਲਾ ਪੁਲੀਸ ਨੇ ਅਰਬਨ ਅਸਟੇਟ ਪੁਲੀਸ ਸਟੇਸ਼ਨ, ਪਟਿਆਲਾ ਸ਼ਹਿਰ ਵਿਖੇ ਗੁਰਸੇਵਕ ਸਿੰਘ ਅਤੇ ਪੰਜ ਤੋਂ ਛੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 103, 191(2) ਅਤੇ 190 ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤੀ ਗਈ। ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।

