patiala news: ਝੋਨੇ ਦੇ ਖਰਾਬੇ ਦੇ ਮੁਆਵਜ਼ੇ ਦਾ ਭਰੋਸਾ ਮਿਲਿਆ
ਉਗਰਾਹਾਂ ਯੂਨੀਅਨ ਦੀ ਸਿਹਤ ਮੰਤਰੀ ਨਾਲ ਬੈਠਕ; ਕਈ ਕਿਸਾਨੀ ਮਸਲੇ ਹੱਲ ਵੱਲ ਵਧੇ ਤੇ ਕਈ ਭਰੋਸੇ ’ਤੇ ਅਟਕੇ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਪਿਛਲੇ ਦਿਨਾਂ ਵਿੱਚ ਕੀਤੇ ਸੰਘਰਸ਼ਾਂ ਦੇ ਨਤੀਜੇ ਵਜੋਂ ਜਥੇਬੰਦੀ ਦੇ ਵਫ਼ਦ ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦਰਮਿਆਨ ਅੱਜ ਅਹਿਮ ਬੈਠਕ ਹੋਈ, ਜਿਸ ਦੌਰਾਨ ਜ਼ਿਲ੍ਹੇ ਨਾਲ ਸਬੰਧਤ ਕਈ ਅਹਿਮ ਕਿਸਾਨੀ ਮਸਲੇ ਹੱਲ ਵੱਧ ਵਧੇ। ਡਿਪਟੀ ਕਮਿਸ਼ਨਰ ਦਫ਼ਤਰ ’ਚ ਸੁਖਾਵੇਂ ਮਾਹੌਲ ’ਚ ਹੋਈ ਇਸ ਬੈਠਕ ਦੌਰਾਨ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੰਤਰੀ ਦੀ ਮੌਜੂਦਗੀ ’ਚ ਵੱਖ ਵੱਖ ਕਿਸਾਨੀ ਮਸਲਿਆਂ ਦੇ ਹੱਲ ਲਈ ਭਰੋਸਾ ਦਿਵਾਇਆ ਗਿਆ। ਕਈ ਮਾਮਲਿਆਂ ਨੂੰ ਪ੍ਰਵਾਨਗੀ ਵੀ ਦਿੱਤੀ ਗਈ।
ਜਥੇਬੰਦੀ ਵੱਲੋਂ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ ਨੇ ਕੀਤੀ, ਜਦੋਂ ਕਿ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ, ਮਾਲ ਅਫਸਰ ਤੇ ਜ਼ਿਲ੍ਹਾ ਪੁਲੀਸ ਮੁਖੀ ਸਮੇਤ ਕਈ ਹੋਰ ਵਿਭਾਗ ਮੁਖੀ ਅਧਿਕਾਰੀ ਸ਼ਾਮਲ ਹੋਏ।
ਬੈਠਕ ਮਗਰੋਂ ਕਿਸਾਨ ਆਗੂ ਜਗਦੀਪ ਸਿੰਘ ਛੰਨਾ ਨੇ ਦੱਸਿਆ ਕਿ ਜਿਨ੍ਹਾਂ ਮੰਗਾਂ ’ਤੇ ਚਰਚਾ ਹੋਈ ਉਨ੍ਹਾਂ ਵਿੱਚ ਜ਼ਿਲ੍ਹੇ ਵਿੱਚ ਪਿਛਲੇ ਸਾਲ ਬੌਣੇ ਬੂਟੇ ਦੇ ਰੋਗ ਕਾਰਨ ਝੋਨੇ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਜਾਰੀ ਕਰਨ ਸਬੰਧੀ ਪ੍ਰਸ਼ਾਸਨ ਨੇ ਹਾਮੀ ਭਰੀ ਹੈ। ਇਸ ’ਤੇ ਜਥੇਬੰਦੀ ਵੱਲੋਂ ਪੱਖ ਰੱਖਿਆ ਗਿਆ ਕਿ ਇਹ ਕਿਸੇ ਨਵੇਂ ਵਾਇਰਸ ਕਾਰਨ ਪੈਦਾ ਹੋਈ ਸਮੱਸਿਆ ਹੈ, ਕਈ ਪ੍ਰਕਾਰ ਦੀਆਂ ਦਵਾਈਆਂ ਦੀ ਵਰਤੋਂ ਤੋਂ ਬਾਅਦ ਵੀ ਇਸਦਾ ਹੱਲ ਨਹੀਂ ਹੋਇਆ, ਇਸ ਨਾਲ ਜਿੱਥੇ ਫ਼ਸਲ ਝਾੜ ਘਟਿਆ ਹੈ, ਉਥੇ ਕਿਸਾਨਾਂ ਉੱਤੇ ਮਹਿੰਗੀਆਂ ਦਵਾਈਆਂ ਦੇ ਛਿੜਕਾਅ ਦਾ ਖ਼ਰਚ ਵਾਧੂ ਦਾ ਪਿਆ, ਜਿਸ ਲਈ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਮੰਤਰੀ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਤੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਾਤੜਾਂ ਬਲਾਕ ਵਿੱਚ 19 ਫਰਵਰੀ 2024 ਨੂੰ ਹੋਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਕਣਕ ਦੇ ਨੁਕਸਾਨ ਦਾ ਮੁਆਵਜ਼ਾ ਜਾਰੀ ਕਰਨ ਸਬੰਧੀ, ਰਹਿੰਦੇ ਪਰਿਵਾਰਾਂ ਨੂੰ ਰਾਸ਼ੀ ਜਾਰੀ ਕਰਨ ਸਬੰਧੀ ਵੀ ਗੱਲਬਾਤ ਹੋਈ, ਜਿਸ ਬਾਰੇ ਮੰਤਰੀ ਵੱਲੋਂ ਮੌਕੇ ’ਤੇ ਕਾਰਵਾਈ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ। ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਪਿੰਡ ਬਠੋਈ ਕਲਾਂ, ਜਾਹਲਾਂ ਤੇ ਕੱਛਵਾ ਦੀਆਂ ਜ਼ਮੀਨਾਂ ਦੇ ਮਾਮਲੇ ਸਬੰਧੀ, ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦਾ ਮਾਮਲਾ ਛੂਹਿਆ ਤਾਂ ਮੰਤਰੀ ਨੇ ਇਸ ਦਾ ਜਲਦ ਹੱਲ ਕੱਢਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਡੀ ਏ ਪੀ ਖਾਦ ਦੀ ਨਿਰੰਤਰ ਸਪਲਾਈ, ਪਰਾਲੀ ਦੀ ਸਮੱਸਿਆ ਦਾ ਯੋਗ ਹੱਲ ਕਰਨ ਤੇ ਬਾਰੇ ਵੀ ਚਰਚਾ ਹੋਈ। ਜ਼ਿਲ੍ਹਾ ਸੰਗਠਨ ਸਕੱਤਰ ਬਲਰਾਜ ਜੋਸ਼ੀ ਨੇ ਪਿੰਡ ਸੁਲਤਾਨਪੁਰ ਵਿਖੇ ਬਣਾਏ 20 ਬਿਸਤਰਿਆਂ ਦੇ ਹਸਪਤਾਲ ਨੂੰ ਮੁੜ ਚਾਲੂ ਕਰਨ ਦੀ ਮੰਗ ’ਤੇ ਮੰਤਰੀ ਨੇ ਹਸਪਤਾਲ ਲਈ ਲੋੜੀਂਦੇ ਸਟਾਫ਼ ਦਾ ਪ੍ਰਬੰਧ ਕਰਨ ਦਾ ਭਰੋਸਾ ਦਿਵਾਇਆ।

