ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਸਤੰਬਰ
ਚਾਲੂ ਵਿੱਤੀ ਸਾਲ ਦੀ ਚੌਥੀ ਐੱਫ ਐਂਡ ਸੀ ਸੀ ਬੈਠਕ ਦੌਰਾਨ 1.83 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਦੌਰਾਨ ਡੇਅਰੀ ਪ੍ਰਾਜੈਕਟ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ, ਪਾਰਕ ਨੂੰ ਸੁੰਦਰ ਬਣਾਉਣ ਅਤੇ ਸੜਕਾਂ ਦੇ ਕੰਮਾਂ ਲਈ ਲੋੜੀਂਦੇ ਫੰਡਾਂ ’ਤੇ ਖਰਚ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਤੋਂ ਇਲਾਵਾ ਕੋਹਲੀ ਸਵੀਟਸ ਤੋਂ ਤ੍ਰਿਪੜੀ ਟਾਊਨ ਦੇ ਪਾਣੀ ਦੀ ਟੈਂਕੀ ਵਾਲੇ ਚੌਕ ਤੱਕ ਸੜਕ ਕਿਨਾਰੇ ਟੈਲੀਫੋਨ ਦੇ ਖੰਭਿਆਂ ਨੂੰ ਹਟਾਉਣ ਲਈ ਲੋੜੀਂਦੇ ਫੰਡ ਵੀ ਜਾਰੀ ਕੀਤੇ ਗਏ। ਇਸ ਨਾਲ ਲੋਕਾਂ ਨੂੰ ਤ੍ਰਿਪੜੀ ਟਾਊਨ ਦੀ ਮੁੱਖ ਸੜਕ ‘ਤੇ ਟਰੈਫ਼ਿਕ ਜਾਮ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।
ਮੀਟਿੰਗ ਦੀ ਪ੍ਰਧਾਨਗੀ ਦੌਰਾਨ ਪਾਰਕਿੰਗ ਦੀ ਗੰਭੀਰ ਬਣੀ ਸਮੱਸਿਆ ’ਤੇ ਬੋਲਦਿਆਂ, ਮੇਅਰ ਸੰਜੀਵ ਬਿੱਟੂ ਨੇ ਕਿਹਾ ਕਿ ਜ਼ਿਲ੍ਹਾ ਅਦਾਲਤ ਦੀ ਪਾਰਕਿੰਗ ਦੀ ਪੰਜ ਵਜੇ ਤੋਂ ਦੇਰ ਰਾਤ ਤੱਕ ਆਮ ਲੋਕਾਂ ਲਈ ਕੀਤੀ ਜਾਣ ਦਾ ਸੁਝਾਅ ਪੇਸ਼ ਕੀਤਾ। ਇਸੇ ਤਰ੍ਹਾਂ ਫੀਲ ਖਾਨਾ ਸਕੂਲ, ਮੋਦੀ ਕਾਲਜ, 32 ਨੰਬਰ ਸਕੂਲ, ਏ.ਸੀ ਮਾਰਕੀਟ ਦੇ ਪਿਛਲੇ ਪਾਸੇ ਡੇਰੇ ਦੀ ਜ਼ਮੀਨ ਅਤੇ ਸ਼ਹਿਰ ਦੇ ਕੁਝ ਹੋਰ ਹਿੱਸਿਆਂ ਵਿਚ ਪਾਰਕਿੰਗ ਵਜੋਂ ਕੁਝ ਸਥਾਨਾਂ ਦੀ ਵਰਤੋਂ ਕੀਤੇ ਜਾਣ ਦੀ ਗੱਲ ਵੀ ਆਖੀ ਗਈ। ਜਿਸ ’ਤੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਇਸ ‘ਤੇ ਕੰਮ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ, ਸੜਕਾਂ, ਜਿਨ੍ਹਾਂ ‘ਤੇ ਟੈ੍ਰਫ਼ਿਕ ਰਾਤ ਨੂੰ ਪੂਰੀ ਤਰ੍ਹਾਂ ਰੁਕਦਾ ਹੈ, ਦੀ ਪਛਾਣ ਵੀ ਕੀਤੀ ਜਾਏਗੀ ਅਤੇ ਰਾਤ ਨੂੰ ਪਾਰਕਿੰਗ ਵਜੋਂ ਵਰਤੀਆਂ ਜਾਣਗੀਆਂ। ਸ਼ਹਿਰ ਵਿਚ ਪਾਰਕਿੰਗ ਨੀਤੀ ਲਾਗੂ ਕਰਨ ਤੋਂ ਪਹਿਲਾਂ ਪਾਰਕਿੰਗ ਜ਼ੋਨ ਅਤੇ ਨਾਨ ਪਾਰਕਿੰਗ ਜ਼ੋਨ ਦੇ ਬੋਰਡ ਵੀ ਸਥਾਪਤ ਕੀਤੇ ਜਾਣਗੇ। ਨਾਨ ਪਾਰਕਿੰਗ ਜ਼ੋਨ ਵਿਚ ਵਾਹਨ ਖੜ੍ਹੇ ਕਰਨ ‘ਤੇ ਨਗਰ ਨਿਗਮ ਸਬੰਧਿਤ ਵਾਹਨ ਦੇ ਮਾਲਿਕ ਦਾ ਚਲਾਨ ਕੱਟਣ ਦੇ ਅਧਿਕਾਰ ਵਰਤੋਂ ਵਿੱਚ ਲਿਆ ਸਕੇਗਾ। ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿੰਤੀ ਸੰਗਰ ਸਮੇਤ ਅਨਿਲ ਮੋਦਗਿਲ, ਹਰਵਿੰਦਰ ਸ਼ੁਕਲਾ, ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਸ਼ਾਮ ਲਾਲ ਗੁਪਤਾ ਆਦਿ ਵੀ ਹਾਜ਼ਰ ਸਨ।