ਖੇਤਰੀ ਪ੍ਰਤੀਨਿਧ
ਪਟਿਆਲਾ, 9 ਸਤੰਬਰ
ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਦੇ ਸਰਕਲ ਦੀਆਂ ਨਵ ਨਿਯੁਕਤ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਇਨ੍ਹਾਂ ਵਰਕਰਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਉਨ੍ਹਾਂ ਦੀ ਕਾਬਲੀਅਤ ਦੇ ਆਧਾਰ ’ਤੇ ਨਿਯੁਕਤੀ ਪੱਤਰ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ 20 ਨਵੀਆਂ ਹੋਰ ਆਂਗਨਵਾੜੀ ਵਰਕਰਾਂ ਨੂੰ ਜਲਦੀ ਨਿਯੁਕਤੀ ਪੱਤਰ ਸੌਂਪੇ ਜਾਣਗੇ। ਹਲਕਾ ਸਨੌਰ ਦੇ ਸਮੁੱਚੇ ਸਕੂਲ ਅਤੇ ਆਂਗਨਵਾੜੀ ਬਿਲਡਿੰਗਾਂ ਨੂੰ ਜਲਦੀ ਫੁਲੀ ਏਸੀ ਇਮਾਰਤਾਂ ਬਣਾਉਣ ਲਈ ਪ੍ਰਕਿਰਿਆ ਵਿੱਢ ਦਿੱਤੀ ਗਈ ਹੈ ਤਾਂ ਜੋ ਆਮ ਘਰਾਂ ਦੇ ਬੱਚੇ ਵਧੀਆ ਸਿੱਖਿਆ ਹਾਸਲ ਕਰਕੇ ਆਪਣਾ ਭਵਿੱਖ ਉੱਜਵਲ ਕਰਨ।
ਵਿਧਾਇਕ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਵਿੱਚੋਂ ਸਰਕਲ ਭੁਨਰਹੇੜੀ ਦੇ ਸੀਡੀਪੀਓ ਰਤਿੰਦਰ ਕੌਰ ਧਾਲੀਵਾਲ ਦੇ ਸਰਕਲ ਦੀਆਂ 26 ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਬਲਾਕ ਸਮਿਤੀ ਕੋਲ ਸੀਡੀਪੀਓ ਸਰਕਲ ਭੁਨਰਹੇੜੀ ਵੱਲੋਂ 20 ਹੋਰ ਵੱਖ ਵੱਖ ਆਂਗਨਵਾੜੀ ਵਰਕਰਾਂ ਦੇ ਯੋਗ ਫਾਰਮ ਬਲਾਕ ਸਮਿਤੀ ਭੁੱਨਰਹੇੜੀ ਕੋਲ ਭੇਜੇ ਜਾ ਚੁੱਕੇ ਹਨ। ਜਦੋਂ ਉਹ ਫਾਰਮ ਜਲਦੀ ਪਾਸ ਹੋ ਕੇ ਆ ਜਾਣਗੇ ਤਾਂ ਉਨ੍ਹਾਂ ਨੂੰ ਵੀ ਜਲਦੀ ਮਾਨ ਸਰਕਾਰ ਵੱਲੋਂ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।
ਹਲਕਾ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਇਨ੍ਹਾਂ ਨਿਯੁਕਤੀ ਪੱਤਰਾਂ ਲਈ ਸਾਰੀਆਂ ਆਂਗਨਵਾੜੀ ਵਰਕਰਾਂ ਨੂੰ ਇਸ ਮੌਕੇ ਵਧਾਈ ਦਿੱਤੀ ਗਈ। ਇਸ ਮੌਕੇ ਤੇਜਿੰਦਰ ਮਹਿਤਾ ਪ੍ਰਧਾਨ ਆਪ ਪਟਿਆਲਾ ਸਿਟੀ, ਗੁਰਮੀਤ ਸਿੰਘ ਬਿੱਟੂ ਉਪ ਚੇਅਰਮੈਨ ਬਲਾਕ ਸੰਮਤੀ ਭੁਨਰਹੇੜੀ, ਸੀਡੀਪੀਓ ਰਪਿੰਦਰ ਕੌਰ ਧਾਲੀਵਾਲ ਤੇ ਦਫ਼ਤਰ ਇੰਚਾਰਜ ਬਲਜੀਤ ਸਿੰਘ ਝੁੰਗੀਆਂ ਮੌਜੂਦ ਸਨ।