ਮਾਪਿਆਂ ਵੱਲੋਂ ਪੰਜਾਬ ਪਬਲਿਕ ਸਕੂਲ ਅੱਗੇ ਮੁਜ਼ਾਹਰਾ

ਮਾਪਿਆਂ ਵੱਲੋਂ ਪੰਜਾਬ ਪਬਲਿਕ ਸਕੂਲ ਅੱਗੇ ਮੁਜ਼ਾਹਰਾ

ਪੰਜਾਬ ਪਬਲਿਕ ਸਕੂਲ ਨਾਭਾ ਦੇ ਬਾਹਰ ਧਰਨੇ ’ਤੇ ਬੈਠੇ ਹੋਏ ਵਿਦਿਆਰਥੀਆਂ ਦੇ ਮਾਪੇ।

ਜੈਸਮੀਨ ਭਾਰਦਵਾਜ

ਨਾਭਾ, 23 ਸਤੰਬਰ

ਭਾਰਤ ਹੀ ਨਹੀਂ ਦੁਨੀਆ ਭਰ ਵਿਚ ਮਸ਼ਹੂਰ ਪੰਜਾਬ ਪਬਲਿਕ ਸਕੂਲ ਨਾਭਾ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਵੱਲੋਂ ਮਾਪਿਆਂ ਨੂੰ ਫੀਸ ਸਬੰਧੀ ਲੋੜੀਂਦੀ ਪਾਰਦਰਸ਼ਤਾ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਸਕੂਲ ਵੱਲੋਂ ਜੋ ਕਟੌਤੀ ਕੀਤੀ ਗਈ ਹੈ ਉਹ ਨਾਕਾਫ਼ੀ ਹੈ ਤੇ ਇਸਦੇ ਸਬੰਧ ਵਿੱਚ ਸਕੂਲ ਵੱਲੋਂ ਪਾਰਦਰਸ਼ਤਾ ਰੱਖਣ ਵਿੱਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਪ੍ਰਦਰਸ਼ਨ ਵਿੱਚ ਸ਼ਾਮਲ ਡਾ. ਪੁਨੀਤ ਬੰਸਲ ਨੇ ਮਿਸਾਲ ਦਿੰਦਿਆਂ ਦੱਸਿਆ ਕਿ ਸਕੂਲ ਵੱਲੋਂ ਛੇ ਮਹੀਨਿਆਂ ਦੀ ਮੈੱਸ ਦਾ ਖਰਚਾ ਕੇਵਲ 15000 ਹੀ ਛੱਡਿਆ ਗਿਆ ਜਦੋਂਕਿ ਬੱਚਿਆਂ ਦੇ ਤਿੰਨ ਵੇਲੇ ਦੀ ਖਾਦ ਸਮੱਗਰੀ ਇਸ ਤੋਂ ਕੀਤੇ ਜ਼ਿਆਦਾ ਮਹਿੰਗੀ ਹੈ। ਉਨ੍ਹਾਂ ਕਿਹਾ ਕਿ ਸਕੂਲ ਮੈੱਸ ਦੇ ਠੇਕੇ, ਖਾਦ ਸਮੱਗਰੀ ਤੇ ਇਸੇ ਤਰ੍ਹਾਂ ਹੋਰ ਸਾਰੇ ਖਰਚਿਆਂ ਦਾ ਪੂਰਨ ਵੇਰਵਾ ਦਿੱਤਾ ਜਾਵੇ ਪਰ ਇਸ ਮਾਮਲੇ ’ਤੇ ਪਿਛਲੀਆਂ ਕਈ ਮੀਟਿੰਗਾਂ ਬੇਸਿੱਟਾ ਰਹੀਆਂ। ਅੱਜ ਸਕੂਲ ਵੱਲੋਂ ਇਕੱਠ ਨੂੰ ਅੰਦਰ ਨਾ ਆਉਣ ’ਤੇ ਮਾਪਿਆਂ ਨੇ ਮੁੱਖ ਗੇਟ ਦੇ ਬਾਹਰ ਧਰਨਾ ਦੇ ਦਿੱਤਾ।

ਇਸ ਸਬੰਧੀ ਸਕੂਲ ਦੇ ਹੈੱਡ ਮਾਸਟਰ ਅਜੇ ਸਿੰਘ ਨੇ ਦੱਸਿਆ ਕਿ ਮਾਪੇ ਅੱਜ ਅਚਾਨਕ ਬਿਨਾਂ ਕਿਸੇ ਇਤਲਾਹ ਤੋਂ ਆ ਗਏ ਸਨ ਤੇ ਕਰੋਨਾ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵੱਲੋਂ ਚਾਰ ਚਾਰ ਕਰਕੇ ਮਾਪਿਆਂ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਪਾਰਦਰਸ਼ਤਾ ਵਿੱਚ ਕੋਈ ਕਮੀ ਨਹੀਂ ਤੇ ਹਰ ਵੇਰਵਾ ਮਾਪਿਆਂ ਨੂੰ ਉਪਲੱਬਧ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਵਰਤੋਂ ਵਿਚ ਨਾ ਆ ਰਹੀਆਂ ਵਸਤਾਂ ਦਾ ਖਰਚਾ ਨਹੀਂ ਲਿਆ ਜਾ ਰਿਹਾ ਪਰ ਉਨ੍ਹਾਂ ਵਸਤਾਂ ਨਾਲ ਜੁੜੇ ਤਨਖਾਹਾਂ ਆਦਿ ਖਰਚੇ ਜਾਰੀ ਹਨ ਤੇ ਮਾਪਿਆਂ ਕੋਲੋਂ ਉਹੀ ਲਏ ਜਾ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜੇ ਮਾਪਿਆਂ ਦੀ ਕਿਸੇ ਗੱਲ ’ਚ ਸੰਤੁਸ਼ਟੀ ਨਹੀਂ ਹੋ ਰਹੀ ਤਾਂ ਵਿਦਿਅਕ ਅਦਾਰਿਆਂ ਅੱਗੇ ਪ੍ਰਦਰਸ਼ਨ ਕਰਨ ਦੀ ਥਾਂ ਸ਼ਿਕਾਇਤਾਂ ਲਈ ਬਣੇ ਚੈਨਲ ਨੂੰ ਅਪਣਾਉਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All