ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਥਕ ਹਿੱਤਾਂ ਲਈ ਪੰਥਕ ਏਕਤਾ ’ਤੇ ਜ਼ੋਰ ਦਿੰਦਿਆਂ ਸਾਰੀਆਂ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮੇ ਨੂੰ ਮੁੱਖ ਮੰਨ ਕੇ ਯਤਨ ਕਰਨ ਦਾ ਸੱਦਾ ਦਿੱਤਾ ਹੈ। ਜਿਸ ਲਈ ਉਨ੍ਹਾਂ ਨੇ ਖੁਦ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦੀ ਪੇਸ਼ਕਸ਼ ਵੀ ਰੱਖੀ ਹੈ। ਉਹ ਅੱਜ ਕੁਝ ਹੋਰ ਆਗੂਆਂ ਸਮੇਤ ਪਾਰਟੀ ਦੇ ਘਨੌਰ ਤੋਂ ਹਲਕਾ ਇੰਚਾਰਜ ਭੁਪਿੰਦਰ ਸਿੰਘ ਸੇਖੂਪੁਰ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਥਕ ਏਕਾ ਤਾਂ ਹੀ ਹੋ ਸਕਦਾ ਹੈ ਕਿ ਜੇਕਰ ਅਸੀਂ ਸਾਰੇ ਹਉਮੈ ਅਤੇ ਹੰਕਾਰ ਨੂੰ ਤਿਆਗ ਕੇ ਪੰਥ ਅਤੇ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਰੱਖ ਕੇ ਯਤਨਸ਼ੀਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਗੈਂਗਸਟਰਵਾਦ ਤੇ ਲੁੱਟ ਖਸੁੱਟ ਆਮ ਹੈ, ਸਰਕਾਰ ਕਰਜ਼ੇ ਨਾਲ ਹੀ ਸਾਹ ਲੈ ਰਹੀ ਹੈ। ਹਕੂਮਤ ਪੰਜਾਬ ਨੂੰ ਉਜਾੜਨ ਲੱਗੀ ਹੋਈ ਹੈ। ‘ਆਪ’ ਸੁਪਰੀਮੋ ਤੇ ਮੁੱਖ ਮੰਤਰੀ ਦੇਸ਼ ’ਚ ਹੋਏ ਪੇਪਰ ਲੀਕ ਮਾਮਲਿਆਂ ਦੀ ਗੱਲ ਕਰਦੇ ਰਹੇ ਹਨ ਪਰ ਪੰਜਾਬ ਅੰਦਰ ਵੀ ਇਹੀ ਹਾਲ ਹੈ।
ਇਸ ਮੌਕੇ ਪਾਰਟੀ ਦੇ ਦਫਤਰ ਸਕੱਤਰ ਜਗਜੀਤ ਸਿੰਘ ਕੋਹਲੀ ਤੇ ਭੁਪਿੰਦਰ ਸ਼ੇਖੁਪੁਰ ਸਮੇਤ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਜਤਿੰਦਰ ਪਹਾੜੀਪੁਰ, ਜ਼ਿਲ੍ਹਾ ਪ੍ਰਧਾਨ ਰਣਧੀਰ ਰੱਖੜਾ, ਜਰਨੈਲ ਸਿੰਘ ਕਰਤਾਰਪੁਰ, ਚੇਅਰਮੈਨ ਰਣਧੀਰ ਸਮੂਰਾਂ, ਕਮਲਜੀਤ ਢੰਡਾ, ਚਰਨਜੀਤ ਮਾਵੀ, ਦਵਿੰਦਰ ਸੋਢੀ, ਨਵਨਿਯੁਕਤ ਕੌਮੀ ਸੀਨੀਅਰ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਬੱਤਾ, ਗੁਰਵਿੰਦਰ ਮਿੱਠੂਮਾਜਰਾ, ਹਰਕੇਸ਼ ਬਹਾਦਰਗੜ੍ਹ, ਗੁਰਚਰਨ ਸੇਹਰਾ, ਨਰਿੰਦਰ ਦੌਣ ਤੇ ਹਰਜੀਤ ਭੰਗੂ ਹਾਜ਼ਰ ਸਨ।

