ਪਾਣੀ ਦਾ ਬਿੱਲ ਮੰਗਣ ਗਏ ਪੰਚਾਇਤ ਮੈਂਬਰਾਂ ’ਤੇ ਹਮਲਾ

ਪਾਣੀ ਦਾ ਬਿੱਲ ਮੰਗਣ ਗਏ ਪੰਚਾਇਤ ਮੈਂਬਰਾਂ ’ਤੇ ਹਮਲਾ

ਡੇਹਲੋਂ ’ਚ ਹੈਲਥ ਵਰਕਰਾਂ ਨੂੰ ਸੰਬੋਧਨ ਕਰਦਾ ਹੋਇਆ ਇੱਕ ਆਗੂ।

ਗੁਰਪ੍ਰੀਤ ਸਿੰਘ
ਘਨੌਰ, 14 ਅਗਸਤ

ਥਾਣਾ ਘਨੌਰ ਦੀ ਪੁਲੀਸ ਨੇ ਪਾਣੀ ਦੀਆਂ ਟੂਟੀਆਂ ਦਾ ਬਿੱਲ ਵਸੂਲਣ ਗਈ ਗ੍ਰਾਮ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੀ ਚੇਅਰਮੈਨ ਸਮੇਤ ਮੈਂਬਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 5 ਔਰਤਾਂ ਸਮੇਤ 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਥਾਣਾ ਘਨੌਰ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਮਹਿਦੂਦਾਂ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੀ ਚੇਅਰਮੈਨ ਤੇ ਸਰਪੰਚ ਬਲਜੀਤ ਕੌਰ ਨੇ ਪੁਲੀਸ ਕੋਲ ਸ਼ਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੇ ਪਿੰਡ ਦੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਦੇ ਕੁਨੈਕਸ਼ਨ ਲੱਗੇ ਹੋਏ ਹਨ। ਕਈ ਖਪਤਕਾਰਾਂ ਵੱਲ ਪਾਣੀ ਦਾ ਕਾਫੀ ਬਿੱਲ ਬਕਾਇਆ ਹੋਣ ਕਾਰਨ ਜਦੋਂ ਸ਼ਿਕਾਇਤਕਰਤਾ ਬਲਜੀਤ ਕੌਰ ਪੰਚਾਇਤ ਮੈਂਬਰਾਂ ਬਲਵਿੰਦਰ ਸਿੰਘ ਅਤੇ ਕ੍ਰਿਸ਼ਨਾ ਨੂੰ ਨਾਲ ਲੈ ਕੇ ਪਾਣੀ ਦੇ ਬਿੱਲ ਵਸੂਲਣ ਲਈ ਉਨ੍ਹਾਂ ਦੇ ਘਰ ਗਏ ਤਾਂ ਪਿੰਡ ਮਹਿਦੂਦਾਂ ਵਾਸੀਆਂ ਕਮਲੇਸ਼ ਰਾਣੀ, ਲਵਪ੍ਰੀਤ ਸਿੰਘ, ਬੰਟੀ, ਹਰਦੀਪ ਸਿੰਘ, ਰਾਣੀ, ਅਮਨਪ੍ਰੀਤ ਸਿੰਘ,  ਬਲਵੀਰ ਸਿੰਘ, ਚਰਨਜੀਤ ਕੌਰ, ਸਹਿਜਪ੍ਰੀਤ ਸਿੰਘ, ਨਛੱਤਰ ਕੌਰ, ਹਰਜੀਤ ਕੌਰ, ਸਾਹਿਬ ਸਿੰਘ, ਸੰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਸ਼ਿਕਾਇਤਕਰਤਾ ਸਰਪੰਚ ਬਲਜੀਤ ਕੌਰ ਅਤੇ ਮੈਂਬਰਾਂ ਬਲਵਿੰਦਰ ਸਿੰਘ ਤੇ ਕ੍ਰਿਸ਼ਨਾ ਦੀ ਕੁੱਟਮਾਰ ਕੀਤੀ ਤੇ ਸਰਕਾਰੀ ਦਸਤਾਵੇਜ਼ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਥਾਣਾ ਡੇਹਲੋਂ ਦੀ ਪੁਲੀਸ ਨੇ ਖਾਨਪੁਰ ਦੇ ਡੇਰਾ ਪ੍ਰਭੂ ਕਾ ’ਚ ਸਿਹਤ ਵਿਭਾਗ ਦੀ ਇੱਕ ਮਹਿਲਾ ਕਰਮੀ ਸਮੇਤ ਦੋ ਮੁਲਾਜ਼ਮਾਂ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਛੇ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਲੰਘੀ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਕਰਮੀ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਵੱਧ ਵੱਧ ਤੋਂ ਲੋਕਾਂ ਨੂੰ ਕਰੋਨਾ ਟੈਸਟ ਕਰਵਾਉਣ ਲਈ ਡੇਰੇ ’ਚ ਰਹਿ ਰਹੇ ਸ਼ੱਕੀ ਮਰੀਜ਼ਾਂ ਨੂੰ ਪ੍ਰੇਰਿਤ ਕਰਨ ਗਏ ਸਨ।

ਪੀੜਤਾਂ ਦਾ ਪਛਾਣ ਜਰਖੜ ਸਬ ਸੈਂਟਰ ’ਚ ਤਾਇਨਾਤ ਮਸਤਾਨ ਸਿੰਘ ਅਤੇ ਹਰਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਡੇਰਾ ਸੰਚਾਲਕ ਪ੍ਰਭਜੋਤ ਸਿੰਘ ਉਰਫ਼ ਪ੍ਰਭੂ, ਗੁਰਬਖਸ਼ ਸਿੰਘ (ਦੋਵੇਂ ਸਾਬਕਾ ਹੈਲਥ ਵਰਕਰ) ਅਤੇ ਬਲਵਿੰਦਰ ਸਿੰਘ ਬਿੰਦਰੀ ਵਾਸੀਆਨ ਖਾਨਪੁਰ ਦੱਸੇ ਗਏ ਹਨ। ਇਸ ਤੋਂ ਇਲਾਵਾ ਚੱਕ ਸਰਾਏ ਨਿਵਾਸੀ ਬਣਦਾਸ ਤੇ ਗੋਪੀ ਅਤੇ ਸੁਭਾਸ਼ ਨਗਰ ਟਿੱਬਾ ਰੋਡ ਲੁਧਿਆਣਾ ਨਿਵਾਸੀ ਮੰਗਾ ਫਰਾਰ ਹਨ। ਇਸ ਦਰਮਿਆਨ ਸਿਹਤ ਵਿਭਾਗ ਦੇ ਹੈਲਥ ਵਰਕਰਾਂ ਦੀਆਂ ਵੱਖ ਵੱਖ ਯੂਨੀਅਨਾਂ ਦੇ ਕਾਰਕੁਨਾਂ ਨੇ ਬਾਬਾ ਕਰਮਜੀਤ ਸਿੰਘ, ਜਸਵਿੰਦਰ ਸਿੰਘ ਪੰਧੇਰ ਅਤੇ ਕੁਲਪ੍ਰੀਤ ਸਿੰਘ ਸਮਰਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਕੇ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਕੰਮ ਛੱਡਣ ਲਈ ਮਜਬੂਰ ਹੋਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਮਸਤਾਨ ਸਿੰਘ ਵੀਰਵਾਰ ਨੂੰ ਉਕਤ ਡੇਰੇ ’ਚ ਰਹਿੰਦੇ ਵਿਅਕਤੀਆਂ ਨੂੰ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਆਪਣੇ ਮੁਫ਼ਤ ਕਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਡੇਰੇ ਵਿੱਚ ਬੰਦੀ ਬਣਾ ਕੇ ਕਾਤਲਾਨਾ ਹਮਲਾ ਕਰ ਦਿੱਤਾ। ਸੋਸ਼ਲ ਮੀਡੀਆ ਉੱਪਰ ਵਾਇਰਲ ਇੱਕ ਵੀਡੀਓ ਵਿੱਚ ਇੱਕ ਮੁਲਜ਼ਮ ਮਸਤਾਨ ਸਿੰਘ ਦੀ ਕਥਿਤ ਤੌਰ ’ਤੇ ਦਾੜ੍ਹੀ ਖਿੱਚਦਾ ਦਿਖ ਰਿਹਾ ਹੈ। ਮਸਤਾਨ ਸਿੰਘ ਜਦੋਂ ਸਬ ਸੈਂਟਰ ਜਰਖੜ ’ਚ ਵਾਪਿਸ ਨਾ ਆਇਆ ਤਾਂ ਹੈਲਥ ਵਰਕਰ ਹਰਪ੍ਰੀਤ ਕੌਰ ਉਸ ਨੂੰ ਲੱਭਣ ਡੇਰੇ ਗਈ ਤਾਂ ਉਹ ਖੁਦ ਵੀ ਮੁਲਜ਼ਮਾਂ ਦੇ ਗੁੱਸੇ ਦੇ ਸ਼ਿਕਾਰ ਹੋ ਗਈ। ਇਸ ਤੋਂ ਬਾਅਦ ਪੁਲੀਸ ਦੀ ਮਦਦ ਨਾਲ ਸਿਹਤ ਵਿਭਾਗ ਦਾ ਅਮਲਾ ਉਨ੍ਹਾਂ ਦੋਵਾਂ  ਨੂੰ ਡੇਰੇ ਵਿੱਚੋਂ ਛੁਡਾ ਕੇ ਲਿਆਇਆ। ਐੱਸਐੱਚਓ ਡੇਹਲੋਂ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਦੀ ਮੁਸਤੈਦੀ ਸਦਕਾ ਜਿੱਥੇ ਪੀੜਤਾਂ ਨੂੰ ਸਮੇਂ ਸਿਰ ਛੁਡਾਇਆ ਜਾ ਸਕਿਆ ਉੱਥੇ ਵੀਰਵਾਰ ਸ਼ਾਮ ਨੂੰ ਹੀ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਕੀਆਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ।

ਰੰਜਿਸ਼ ਕਾਰਨ ਨੌਜਵਾਨ ਦੀ ਮਾਰਕੁੱਟ; ਅੱਠ ਖ਼ਿਲਾਫ਼ ਕੇਸ ਦਰਜ

ਸਮਾਣਾ (ਅਸ਼ਵਨੀ ਗਰਗ/ਸੁਭਾਸ਼ ਚੰਦਰ): ਸਥਾਨਕ ਨਗਰ ਕੌਂਸਲ ਨੇੜੇ 2 ਕਾਰਾਂ ਵਿੱਚ ਸਵਾਰ 8 ਦੇ ਕਰੀਬ ਨੌਜਵਾਨਾਂ ਨੇ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਤੇ ਹਵਾਈ ਫਾਇਰ ਵੀ ਕੀਤੇ। ਮਾਰਕੁੱਟ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਮਾਣਾ ਪੁਲੀਸ ਨੇ ਪੀੜਤ ਦੇ ਬਿਆਨਾਂ ’ਤੇ ਗੁਰਵਿਜੈ ਸਿੰਘ, ਗੁਰੀ ਵਿਰਕ, ਗੁਰਦੀਪ ਸਿੰਘ, ਲਾਲੀ ਵਿਰਕ, ਸਤਵਿੰਦਰ ਸਿੰਘ, ਪਰਮਿੰਦਰ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਿਵਲ ਹਸਪਤਾਲ ’ਚ ਦਾਖਲ ਨੌਜਵਾਨ ਗੁਰਪ੍ਰੀਤ ਸਿੰਘ ਵਾਸੀ ਪਿੰਡ ਨੱਸੂਪੁਰ ਨੇ ਦੱਸਿਆ ਕਿ ਉਹ ਬੀਤੇ ਰਾਤ ਸਥਾਨਕ ਨਗਰ ਕੌਂਸਲ ਨੇੜੇ ਜਾ ਰਿਹਾ ਸੀ ਕਿ ਉਸ ਨੂੰ 2 ਕਾਰਾਂ ਵਿੱਚ ਸਵਾਰ 8 ਨੌਜਵਾਨਾਂ ਨੇ ਘੇਰ ਲਿਆ ਤੇ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਉਸ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਹਵਾਈ ਫਾਇਰ ਵੀ ਕੀਤੇ ’ਤੇ ਮੌਕੇ ਤੋਂ ਭੱਜ ਗਏ। ਉਸ ਨੇ ਦੱਸਿਆ ਕਿ ਸਰਪੰਚੀ ਦੀ ਚੋਣ ਨੂੰ ਲੈ ਕੇ ਚੱਲੀ ਆ ਰਹੀ ਰੰਜ਼ਿਸ ਕਾਰਨ ਇਹ ਹਮਲਾ ਕੀਤਾ ਗਿਆ ਹੈ। ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All